5 ਸਾਲ, 41 ਪੇਪਰ ਲੀਕ ਦੇ ਮਾਮਲੇ, ਸੰਸਦ 'ਚ ਗੂੰਜੇਗਾ ਮੁੱਦਾ, ਸਰਕਾਰ ਨੂੰ ਚੈਨ ਨਾਲ ਨਹੀਂ ਬੈਠਣ ਦੇਵੇਗੀ ਵਿਰੋਧੀ ਧਿਰ!

Monday, Jun 24, 2024 - 04:25 AM (IST)

ਨਵੀਂ ਦਿੱਲੀ- ਹਾਲ ਹੀ ’ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਪੇਪਰ ਲੀਕ ਦਾ ਮੁੱਦਾ ਵਿਰੋਧੀ ਧਿਰ ਦੇ ਸੀਨੀਅਰ ਨੇਤਾਵਾਂ ਦੇ ਚੋਣ ਭਾਸ਼ਣਾਂ ’ਚ ਛਾਇਆ ਰਿਹਾ। ਰਾਹੁਲ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ, ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਨੇਤਾ ਤੇਜਸਵੀ ਯਾਦਵ ਅਤੇ ਹੋਰ ਭਾਰਤੀ ਨੇਤਾਵਾਂ ਨੇ ਨੌਜਵਾਨਾਂ ਤੱਕ ਪਹੁੰਚਣ ਲਈ ਇਸ ਮੁੱਦੇ ’ਤੇ ਫੋਕਸ ਕੀਤਾ।

ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ’ਚ ਪ੍ਰਸ਼ਨ ਪੱਤਰ ਲੀਕ ਨਾਲ ਸਬੰਧਿਤ ਮਾਮਲਿਆਂ ਦਾ ਫੈਸਲਾ ਕਰਨ ਲਈ ਫਾਸਟ-ਟ੍ਰੈਕ ਅਦਾਲਤਾਂ ਅਤੇ ਪੀੜਤਾਂ ਨੂੰ ਵਿੱਤੀ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਸੀ। ਹੁਣ ਇਹ ਮੁੱਦਾ ਇੰਨਾ ਵੱਡਾ ਹੋ ਗਿਆ ਹੈ ਕਿ ਹੁਣ ਇਹ ਸੜਕ ਤੋਂ ਲੈ ਕੇ ਸਦਨ ਤੱਕ ਗੂੰਜਣ ਵਾਲਾ ਹੈ। ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਨੇ ਚੋਣ ਨਤੀਜਿਆਂ ਤੋਂ ਤੁਰੰਤ ਬਾਅਦ ਆਪਣਾ ਇਰਾਦਾ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸਰਕਾਰ ਨੂੰ ਚੈਨ ਨਹੀਂ ਬੈਠਣ ਦੇਵੇਗੀ।

ਭਾਜਪਾ ਵੀ ਕਾਂਗਰਸ ’ਤੇ ਲਾ ਚੁੱਕੀ ਹੈ ਪੇਪਰ ਲੀਕ ਦੇ ਦੋਸ਼
ਭਾਜਪਾ ਨੇ ਵੀ ਵਿਰੋਧੀ ਧਿਰ ’ਤੇ ਹਮਲਾ ਕਰਨ ਲਈ ਪੇਪਰ ਲੀਕ ਮੁੱਦੇ ਦੀ ਵਰਤੋਂ ਕੀਤੀ। ਰਾਜਸਥਾਨ ’ਚ ਆਪਣੇ ਪ੍ਰਚਾਰ ਦੌਰਾਨ ਮੋਦੀ ਨੇ ਦਾਅਵਾ ਕੀਤਾ ਕਿ ਸੂਬੇ ਦੀ ਪਿਛਲੀ ਕਾਂਗਰਸ ਸਰਕਾਰ ਪੇਪਰ ਲੀਕ ਵਿਚ ਖੁਦ ਸ਼ਾਮਲ ਸੀ ਅਤੇ ਉਸ ਨੇ ਦੇਸ਼ ਦੇ ਨੌਜਵਾਨਾਂ ਨਾਲ ਧੋਖਾ ਕੀਤਾ ਹੈ।

ਨੀਟ-ਯੂ.ਜੀ. ਪ੍ਰੀਖਿਆ ਅਤੇ ਹੁਣ ਰੱਦ ਹੋ ਚੁੱਕੀ ਯੂ.ਜੀ.ਸੀ.-ਨੈੱਟ ਪ੍ਰੀਖਿਆ ’ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਚੱਲ ਰਿਹਾ ਵਿਵਾਦ ਭਾਜਪਾ ਦੀ ਅਗਵਾਈ ਵਾਲੀ ਨਵੀਂ ਐੱਨ.ਡੀ.ਏ. ਸਰਕਾਰ ਅਤੇ ਵਿਰੋਧੀ ਗੱਠਜੋੜ ਦਰਮਿਆਨ ਟਕਰਾਅ ਦਾ ਪਹਿਲਾ ਵੱਡਾ ਮੁੱਦਾ ਬਣ ਗਿਆ ਹੈ। ਸੋਮਵਾਰ ਤੋਂ ਸ਼ੁਰੂ ਹੋ ਰਹੇ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਵਿਚ ਇਹ ਮੁੱਦਾ ਜ਼ੋਰ ਫੜਨ ਵਾਲਾ ਹੈ।

ਕਾਂਗਰਸ ਨੇ ਸਹੁੰ ਖਾਧੀ ਹੈ ਕਿ ਉਹ ਰਾਸ਼ਟਰੀ ਮਹੱਤਵ ਦੇ ਮੁੱਦਿਆਂ ’ਤੇ ਸਰਕਾਰ ਨੂੰ ਸਖ਼ਤ ਚੁਣੌਤੀ ਦੇਵੇਗੀ। ਇਸੇ ਲੜੀ ’ਚ ਦੋ ਦਿਨ ਪਹਿਲਾਂ ਦਿੱਲੀ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੇਪਰ ਲੀਕ ਰੋਕਣ ’ਚ ਕਥਿਤ ਅਸਫਲਤਾਵਾਂ ਨੂੰ ਲੈ ਕੇ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਾਰ-ਵਾਰ ਹਮਲਾ ਕੀਤਾ ਹੈ।

ਇਹ ਵੀ ਪੜ੍ਹੋ- ਰੂਹ ਕੰਬਾਊ ਵਾਰਦਾਤ : ਮਾਂ ਤੇ ਧੀ ਨੂੰ ਮਾਰ ਕੇ ਅਕਾਲੀ ਆਗੂ ਨੇ ਖ਼ੁਦ ਨੂੰ ਵੀ ਮਾਰੀ ਗੋਲ਼ੀ, ਪਾਲਤੂ ਕੁੱਤੇ ਨੂੰ ਵੀ ਨਾ ਬਖ਼ਸ਼ਿਆ

ਸਰਕਾਰ ’ਤੇ ਦਬਾਅ ਬਣਾਏਗੀ ਵਿਰੋਧੀ ਧਿਰ
ਰਾਹੁਲ ਨੇ ਸਪੱਸ਼ਟ ਕੀਤਾ ਹੈ ਕਿ ਮੋਦੀ ਸਰਕਾਰ 3.0 ਨੂੰ ਵੱਖ-ਵੱਖ ਜਨਤਕ ਮੁੱਦਿਆਂ ’ਤੇ ਵਿਰੋਧੀ ਧਿਰ ਤੋਂ ਸਖ਼ਤ ਜਾਂਚ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦਿਖਾਵੇ ਲਈ ਕੁਝ ਵੀ ਕਰ ਸਕਦੀ ਹੈ, ਪਰ ਉਸ ਨੂੰ ਵਿਰੋਧੀ ਧਿਰ ਦੇ ਇੰਨੇ ਦਬਾਅ ਦਾ ਸਾਹਮਣਾ ਕਰਨਾ ਪਵੇਗਾ ਕਿ ਉਹ ਜੋ ਵੀ ਕਰੇਗੀ, ਉਸ ਬਾਰੇ ਦੋ ਵਾਰ ਸੋਚੇਗੀ। ਰਾਹੁਲ ਨੇ ਕਿਹਾ, ਅਸੀਂ ਇਹ ਯਕੀਨੀ ਬਣਾਵਾਂਗੇ ਕਿ ਇਹ ਮੁੱਦਾ ਹੱਲ ਹੋ ਜਾਵੇ।

5 ਸਾਲ ’ਚ ਪੇਪਰ ਲੀਕ ਦੇ 41 ਮਾਮਲੇ
ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਿਛਲੇ ਪੰਜ ਸਾਲਾਂ ’ਚ 15 ਸੂਬਿਆਂ ਵਿਚ ਪੇਪਰ ਲੀਕ ਦੇ ਘੱਟੋ-ਘੱਟ 41 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸਰਕਾਰੀ ਨੌਕਰੀਆਂ ਲਈ ਭਰਤੀ ਪ੍ਰਕਿਰਿਆ ਵਿਚ ਵਿਘਨ ਪਿਆ ਹੈ। ਪੇਪਰ ਲੀਕ ਹੋਣ ਕਾਰਨ ਲੱਗਭਗ 1.04 ਲੱਖ ਸਰਕਾਰੀ ਅਸਾਮੀਆਂ ਲਈ ਘੱਟੋ-ਘੱਟ 1.4 ਕਰੋੜ ਬਿਨੈਕਾਰ ਪ੍ਰਭਾਵਿਤ ਹੋਏ ਹਨ।

ਸਭ ਤੋਂ ਤਾਜ਼ਾ ਪੇਪਰ ਲੀਕ ਇਸ ਸਾਲ ਫਰਵਰੀ ਵਿਚ ਉੱਤਰ ਪ੍ਰਦੇਸ਼ ਵਿਚ ਹੋਇਆ ਸੀ, ਜਦੋਂ ਯੂ.ਪੀ. ਪੁਲਸ ਕਾਂਸਟੇਬਲ ਭਰਤੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਕਥਿਤ ਤੌਰ ’ਤੇ ਲੀਕ ਹੋ ਗਿਆ ਸੀ ਅਤੇ ਪ੍ਰੀਖਿਆ ਵਾਲੇ ਦਿਨ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਹੋ ਗਿਆ ਸੀ। ਕੁੱਲ 48 ਲੱਖ ਉਮੀਦਵਾਰਾਂ ਨੇ 60,244 ਕਾਂਸਟੇਬਲ ਦੀਆਂ ਅਸਾਮੀਆਂ ਭਰਨ ਲਈ ਰਜਿਸਟ੍ਰੇਸ਼ਨ ਕਰਵਾਈ ਸੀ। ਸੂਬਾ ਸਰਕਾਰ ਨੇ ਮੁੜ ਪ੍ਰੀਖਿਆ ਦੇ ਹੁਕਮ ਦਿੱਤੇ ਪਰ ਅਜੇ ਤੱਕ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ- ਰਾਤ ਦੇ ਹਨੇਰੇ 'ਚ ਭੁਲੇਖੇ ਨਾਲ ਖਾ ਲਈ ਜ਼ਹਿਰੀਲੀ ਚੀਜ਼, ਖੇਤਾਂ 'ਚ ਨੌਜਵਾਨ ਦੀ ਹੋਈ ਦਰਦਨਾਕ ਮੌਤ

ਨੀਟ-ਯੂ.ਜੀ. ਪ੍ਰੀਖਿਆ ਨੂੰ ਵੀ ਰੱਦ ਕਰਨ ਦੀ ਮੰਗ
ਸਪਾ ਅਤੇ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਪੇਪਰ ਲੀਕ ਮਾਮਲੇ ਨੇ ਚੋਣਾਂ ਨੂੰ ਪ੍ਰਭਾਵਿਤ ਕੀਤਾ ਹੈ। ਵਿਰੋਧੀ ਧਿਰ ਦੀ ਪੇਪਰ ਲੀਕ ਮੁਹਿੰਮ ਨੂੰ ਨੌਜਵਾਨਾਂ ਨੇ ਖੂਬ ਪਸੰਦ ਕੀਤਾ ਕਿਉਂਕਿ ਇਸ ਦਾ ਸਿੱਧਾ ਸਬੰਧ ਬੇਰੁਜ਼ਗਾਰੀ ਦੇ ਮੁੱਦੇ ਨਾਲ ਜੁੜਿਆ ਹੈ। ਇਹ ਮੁੱਦਾ ਲੋਕ ਸਭਾ ਚੋਣਾਂ ’ਚ ਭਾਜਪਾ ਦੇ ਪ੍ਰਦਰਸ਼ਨ ਨਾਲ ਜੁੜਿਆ ਹੋਇਆ ਹੈ, ਜਿਸ ’ਚ ਪਾਰਟੀ 2019 ’ਚ 303 ਸੀਟਾਂ ਤੋਂ ਘਟ ਕੇ ਇਸ ਵਾਰ 240 ਸੀਟਾਂ ’ਤੇ ਆ ਗਈ ਹੈ।

ਵਿਰੋਧੀ ਧਿਰ ਦੇ ਨੇਤਾਵਾਂ ਨੇ ਨਾ ਸਿਰਫ ਪੇਪਰ ਲੀਕ ਦਾ ਮੁੱਦਾ ਉਠਾਇਆ ਹੈ, ਸਗੋਂ ਇਸ ਦੀ ਵਰਤੋਂ ਭਾਜਪਾ ਅਤੇ ਪੀ. ਐੱਮ. ’ਤੇ ਹਮਲਾ ਕਰਨ ਲਈ ਵੀ ਕੀਤੀ ਹੈ। ਕਾਂਗਰਸ ਇਸ ਮੁੱਦੇ ’ਤੇ ਹਮਲਾਵਰ ਹੋ ਗਈ ਹੈ। ਹੋਰ ਵਿਰੋਧੀ ਪਾਰਟੀਆਂ, ਜਿਨ੍ਹਾਂ ’ਚ ਸਪਾ, ਸ਼ਿਵ ਸੈਨਾ (ਯੂ. ਬੀ. ਟੀ.), ਡੀ. ਐੱਮ. ਕੇ., ਟੀ. ਐੱਮ. ਸੀ., ਐੱਨ. ਸੀ. ਪੀ. (ਐੱਸ. ਪੀ.), ਸੀ. ਪੀ. ਆਈ. (ਐੱਮ), ਸੀ. ਪੀ. ਆਈ. ਅਤੇ ‘ਆਪ’ ਨੇ ਵੀ ਇਕਜੁੱਟ ਹੋ ਕੇ ਇਸ ਮੁੱਦੇ ਨੂੰ ਉਠਾਇਆ ਹੈ ਅਤੇ ਮੰਗ ਕੀਤੀ ਹੈ ਕਿ ਨੀਟ-ਯੂ.ਜੀ. ਪ੍ਰੀਖਿਆ ਨੂੰ ਵੀ ਰੱਦ ਕੀਤਾ ਜਾਣਾ ਚਾਹੀਦਾ ਹੈ।

ਸੰਸਦ ਵਿਚ ਜ਼ਿਆਦਾ ਤਾਕਤ ਹੋਣ ਕਾਰਨ ਵਿਰੋਧੀ ਧਿਰ ਵੱਲੋਂ ਇਸ ਵਿਵਾਦ ਨੂੰ ਜਲਦੀ ਖ਼ਤਮ ਹੋਣ ਦੇਣ ਦੀ ਸੰਭਾਵਨਾ ਨਹੀਂ ਹੈ। ਨਾਲ ਹੀ ਪੇਪਰ ਲੀਕ ਹੋਣ ਦਾ ਮੁੱਦਾ ਲੋਕਾਂ ਦੇ ਇਕ ਵੱਡੇ ਹਿੱਸੇ ਨੂੰ ਖਾਸ ਤੌਰ ’ਤੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਚਿੰਤਤ ਕਰਦਾ ਹੈ ਜੋ ਵੱਖ-ਵੱਖ ਦਾਖਲਾ ਅਤੇ ਭਰਤੀ ਪ੍ਰੀਖਿਆਵਾਂ ਦੀ ਤਿਆਰੀ ਵਿਚ ਸਾਲਾਂ ਦਾ ਸਮਾਂ ਬਿਤਾਉਂਦੇ ਹਨ।

ਇਹ ਵੀ ਪੜ੍ਹੋ- ਤਲਾਕ ਬਦਲੇ ਸਹੁਰਾ ਪਰਿਵਾਰ ਕਰ ਰਿਹਾ ਸੀ ਪੈਸਿਆਂ ਦੀ ਮੰਗ, ਤੰਗ ਆ ਕੇ ਨੌਜਵਾਨ ਨੇ ਕੀਤੀ ਜੀਵਨਲੀਲਾ ਸਮਾਪਤ

ਐੱਨ.ਡੀ.ਏ. ਸਰਕਾਰ ਦੀ ਕੀ ਹੈ ਪ੍ਰਤੀਕਿਰਿਆ
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਪਹਿਲਾਂ ਕਿਹਾ ਸੀ ਕਿ ਨੀਟ-ਯੂ.ਜੀ. ਪ੍ਰੀਖਿਆ 2024 ’ਚ ਕੋਈ ਪੇਪਰ ਲੀਕ ਨਹੀਂ ਹੋਇਆ ਸੀ, ਹਾਲਾਂਕਿ ਪ੍ਰਧਾਨ ਨੇ ਬਾਅਦ ਵਿਚ ਮੰਨਿਆ ਕਿ ਕੁਝ ਗਲਤੀਆਂ ਖਾਸ ਖੇਤਰਾਂ ਤੱਕ ਸੀਮਿਤ ਸਨ। ਪੇਪਰ ਲੀਕ ਦੇ ਦੋਸ਼ਾਂ ਵਿਚ ਬਿਹਾਰ ਦੀ ਜਾਂਚ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੇ ਹੁਣ ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਦੇ ਢਾਂਚੇ ਅਤੇ ਕੰਮਕਾਜ ਦੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਹੈ।

ਪ੍ਰਧਾਨ ਨੇ ਨੌਜਵਾਨਾਂ ਅਤੇ ਵਿਦਿਆਰਥੀਆਂ ਵਿਚ ਵਿਸ਼ਵਾਸ ਦੀ ਕਮੀ ਦੀ ਨੈਤਿਕ ਜ਼ਿੰਮੇਵਾਰੀ ਲਈ ਹੈ। ਇਸ ਮਾਮਲੇ ’ਤੇ ਉਨ੍ਹਾਂ ਦਾ ਰੁਖ ਪਿਛਲੇ ਹਫ਼ਤੇ ਨਾਲੋਂ ਵੱਖਰਾ ਸੀ ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਪੇਪਰ ਲੀਕ ਹੋਣ ਦਾ ਕੋਈ ਸਬੂਤ ਨਹੀਂ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News