2024 ''ਚ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਵਿਰੋਧੀ ਧਿਰ ਇਕਜੁੱਟ ਹੋਵੇਗੀ: ਮਮਤਾ

Thursday, Sep 08, 2022 - 05:55 PM (IST)

2024 ''ਚ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਵਿਰੋਧੀ ਧਿਰ ਇਕਜੁੱਟ ਹੋਵੇਗੀ: ਮਮਤਾ

ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਅਤੇ ਗੁਆਂਢੀ ਸੂਬੇ- ਬਿਹਾਰ ਅਤੇ ਝਾਰਖੰਡ ਦੇ ਉਨ੍ਹਾਂ ਦੇ ਹਮਰੁਤਬਾ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਕਈ ਹੋਰ ਵਿਰੋਧੀ ਪਾਰਟੀਆਂ ਨਾਲ ਹੱਥ ਮਿਲਾਉਣਗੇ। ਆਪਣੀ ਪਾਰਟੀ ਦੇ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਤ੍ਰਿਣਮੂਲ ਕਾਂਗਰਸ ਸੁਪਰੀਮੋ ਬੈਨਰਜੀ ਨੇ ਦਾਅਵਾ ਕੀਤਾ ਕਿ ਭਾਜਪਾ ਆਪਣੇ ਹੰਕਾਰ ਅਤੇ ਲੋਕਾਂ ਦੇ ਗੁੱਸੇ ਕਾਰਨ ਹਾਰ ਦਾ ਸਾਹਮਣਾ ਕਰੇਗੀ। ਮਮਤਾ ਨੇ ਕਿਹਾ ਕਿ ਮੈਂ, ਨਿਤੀਸ਼ ਕੁਮਾਰ, ਹੇਮੰਤ ਸੋਰੇਨ ਅਤੇ ਕਈ ਹੋਰ ਲੋਕ 2024 ’ਚ ਇਕੱਠੇ ਹੋਵੇਗਾ। ਸਾਰੀਆਂ ਵਿਰੋਧੀ ਪਾਰਟੀ ਭਾਜਪਾ ਨੂੰ ਹਰਾਉਣ ਲਈ ਹੱਥ ਮਿਲਾਉਣਗੀਆਂ। ਇਕ ਪਾਸੇ ਅਸੀਂ ਸਾਰੇ ਹੋਵਾਂਗੇ ਅਤੇ ਦੂਜੇ ਪਾਸੇ ਭਾਜਪਾ। ਭਾਜਪਾ ਦਾ 300 ਸੀਟਾਂ ਦਾ ਹੰਕਾਰ ਉਸ ਦੀ ਤਕਦੀਰ ਹੋਵੇਗੀ। 2024 ’ਚ ਖੇਲਾ ਹੋਬੇ। (ਖੇਡ ਜਾਰੀ ਹੈ)।

ਪਿਛਲੇ ਸਾਲ ਵਿਧਾਨ ਸਭਾ ਚੋਣਾਂ ਦੌਰਾਨ ਤ੍ਰਿਣਮੂਲ ਕਾਂਗਰਸ ਦਾ ਜ਼ੋਰਦਾਰ ਨਾਅਰਾ ਸੀ, ਜਿਸ ’ਚ ਉਸ ਨੇ ਭਾਜਪਾ ਨੂੰ ਹਰਾ ਕੇ ਲਗਾਤਾਰ ਤੀਜੀ ਵਾਰ ਸੱਤਾ ’ਚ ਵਾਪਸੀ ਕੀਤੀ ਸੀ। ਬੈਨਰਜੀ ਨੇ ਦਾਅਵਾ ਕੀਤਾ ਕਿ ਹਾਲ ਹੀ ’ਚ ਬੰਗਾਲ ਪੁਲਸ ਨੇ ਝਾਰਖੰਡ ਦੇ ਵਿਧਾਇਕਾਂ ਨੂੰ ਭਾਰੀ ਨਕਦੀ ਸਮੇਤ ਗ੍ਰਿਫ਼ਤਾਰ ਕਰ ਕੇ ਗੁਆਂਢੀ ਸੂਬੇ ’ਚ ਖਰੀਦ-ਫਰੋਖਤ ਨੂੰ ਰੋਕਿਆ ਅਤੇ ਹੇਮੰਤ ਸੋਰੇਨ ਸਰਕਾਰ ਨੂੰ ਡਿੱਗਣ ਤੋਂ ਬਚਾਇਆ। 30 ਜੁਲਾਈ ਨੂੰ ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਦੇ ਪੰਚਲਾ ਵਿਖੇ ਝਾਰਖੰਡ ਦੇ ਤਿੰਨ ਕਾਂਗਰਸੀ ਵਿਧਾਇਕਾਂ ਦੀ ਗੱਡੀ ਤੋਂ ਕਰੀਬ 49 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਸੀ ਅਤੇ ਤਿੰਨਾਂ ਵਿਧਾਇਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਵਿਧਾਇਕਾਂ ਨੇ ਦਾਅਵਾ ਕੀਤਾ ਸੀ ਕਿ ਇਹ ਪੈਸਾ ਉਨ੍ਹਾਂ ਦੇ ਰਾਜ (ਝਾਰਖੰਡ) ਵਿਚ ਕਬਾਇਲੀ ਤਿਉਹਾਰ ਲਈ ਸਾੜੀਆਂ ਖਰੀਦਣ ਲਈ ਸੀ। ਝਾਰਖੰਡ ’ਚ ਝਾਮੁਮੋ ਦੀ ਅਗਵਾਈ ਵਾਲੀ ਸਰਕਾਰ ਦਾ ਹਿੱਸਾ ਰਹੀ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਵਿਧਾਇਕਾਂ ਨੂੰ 10-10 ਕਰੋੜ ਰੁਪਏ ਅਤੇ ਮੰਤਰੀ ਅਹੁਦੇ ਦੀ ਪੇਸ਼ਕਸ਼ ਕਰ ਕੇ ਹੇਮੰਤ ਸੋਰੇਨ ਸਰਕਾਰ ਨੂੰ ਡਿਗਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਬੈਨਰਜੀ ਨੇ ਕਿਹਾ ਕਿ ਭਾਜਪਾ ਨੂੰ ਲੱਗਦਾ ਹੈ ਕਿ ਉਹ ਸਾਨੂੰ ਸੀ. ਬੀ. ਆਈ. ਅਤੇ ਈ. ਡੀ. ਤੋਂ ਡਰਾ ਸਕਦੀ ਹੈ ਪਰ ਜਿੰਨਾ ਵੱਧ ਉਹ ਲੋਕ ਇਸ ਤਰ੍ਹਾਂ ਦੇ ਹੱਥਕੰਡੇ ਅਪਣਾਉਣਗੇ, ਓਨਾਂ ਹੀ ਅਗਲੇ ਸਾਲ ਦੀਆਂ ਪੰਚਾਇਤੀ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ’ਚ ਹਾਰ ਦੇ ਨੇੜੇ ਪਹੁੰਚਣਗੇ।


author

Tanu

Content Editor

Related News