ਲੋਕ ਸਭਾ ’ਚ ਉਠਿਆ ਨਾਗਾਲੈਂਡ ਗੋਲੀਬਾਰੀ ਦਾ ਮੁੱਦਾ, ਸਰਕਾਰ ਬੋਲੀ- ਗ੍ਰਹਿ ਮੰਤਰੀ ਦੇਣਗੇ ਬਿਆਨ
Monday, Dec 06, 2021 - 11:58 AM (IST)
ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਸਮੇਤ ਕੁਝ ਹੋਰ ਵਿਰੋਧੀ ਧਿਰਾਂ ਨੇ ਨਾਗਾਲੈਂਡ ’ਚ ਸੁਰੱਖਿਆ ਫੋਰਸ ਦੀ ਗੋਲੀਬਾਰੀ ’ਚ ਘੱਟੋ-ਘੱਟ 14 ਲੋਕਾਂ ਦੇ ਮਾਰੇ ਜਾਣ ਦਾ ਮੁੱਦਾ ਸੋਮਵਾਰ ਨੂੰ ਲੋਕ ਸਭਾ ’ਚ ਚੁੱਕਿਆ। ਇਸ ’ਤੇ ਸਰਕਾਰ ਨੇ ਕਿਹਾ ਕਿ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਸਦਨ ਵਿਚ ਇਸ ਮੁੱਦੇ ’ਤੇ ਵਿਸਥਾਰਪੂਰਵਕ ਬਿਆਨ ਦੇਣਗੇ। ਦਰਅਸਲ ਪ੍ਰਸ਼ਨਕਾਲ ਸ਼ੁਰੂ ਹੁੰਦੇ ਹੀ ਲੋਕ ਸਭਾ ਵਿਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਨਾਗਾਲੈਂਡ ’ਚ ਗੋਲੀਬਾਰੀ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਨਾਗਾਲੈਂਡ ਵਿਚ ਜੋ ਘਟਨਾ ਵਾਪਰੀ, ਉਹ ਦੁਖ਼ਦ ਅਤੇ ਸ਼ਰਮਨਾਕ ਹੈ। ਚੌਧਰੀ ਨੇ ਸਵਾਲ ਕੀਤਾ ਕਿ ਨਾਗਾਲੈਂਡ ’ਚ ਸ਼ਾਂਤੀ ਬਹਾਲੀ ਨੂੰ ਲੈ ਕੇ ਦਾਅਵੇ ਕੀਤੇ ਗਏ ਸਨ, ਉਨ੍ਹਾਂ ਦਾ ਕੀ ਹੋਇਆ? ਬੇਕਸੂਰ ਲੋਕਾਂ ਦੀ ਜਾਨ ਗਈ ਹੈ। ਇਹ ਮੁੱਦਾ ਸਦਨ ਵਿਚ ਆਉਣਾ ਚਾਹੀਦਾ ਹੈ। ਇਸ ਦੀ ਗੰਭੀਰਤਾ ਨੂੰ ਵੇਖਦੇ ਹੋਏ ਗ੍ਰਹਿ ਮੰਤਰੀ ਨਾਲ ਰੱਖਿਆ ਮੰਤਰੀ ਨੂੰ ਜਵਾਬ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਨਾਗਾਲੈਂਡ: ਅੱਤਵਾਦੀ ਸਮਝਕੇ ਸੁਰੱਖਿਆ ਫੋਰਸ ਨੇ ਆਮ ਲੋਕਾਂ ’ਤੇ ਕੀਤੀ ਫਾਈਰਿੰਗ, 12 ਦੀ ਮੌਤ...ਇਕ ਜਵਾਨ ਸ਼ਹੀਦ
ਇਸ ਮੁੱਦੇ ’ਤੇ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਇਹ ਬਹੁਤ ਸੰਵੇਦਨਸ਼ੀਲ ਵਿਸ਼ਾ ਹੈ। ਗ੍ਰਹਿ ਮੰਤਰੀ ਸਦਨ ਆ ਕੇ ਇਸ ’ਤੇ ਵਿਸਥਾਰਪੂਰਵਕ ਬਿਆਨ ਦੇਣਗੇ। ਓਧਰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਗ੍ਰਹਿ ਮੰਤਰੀ ਜੀ ਨੇ ਲਿਖ ਕੇ ਦਿੱਤਾ ਹੈ। ਉਹ ਸਦਨ ਵਿਚ ਆ ਕੇ ਇਸ ਮੁੱਦੇ ’ਤੇ ਬਿਆਨ ਦੇਣਗੇ। ਪ੍ਰਸ਼ਨਕਾਲ ਚੱਲਣਾ ਚਾਹੀਦਾ ਹੈ। ਪ੍ਰਸ਼ਨਕਾਲ ਚੱਲਣ ਦੀ ਚੰਗੀ ਪਰੰਪਰਾ ਸਦਨ ਵਿਚ ਬਣੀ ਰਹਿਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਨਾਗਾਲੈਂਡ ਦੀ ਘਟਨਾ ’ਤੇ ਰਾਹੁਲ ਦਾ ਕੇਂਦਰ ’ਤੇ ਨਿਸ਼ਾਨਾ, ਕਿਹਾ- ‘ਗ੍ਰਹਿ ਮੰਤਰਾਲਾ ਆਖ਼ਰਕਾਰ ਕੀ ਕਰ ਰਿਹੈ’
ਜ਼ਿਕਰਯੋਗ ਹੈ ਕਿ ਨਾਗਾਲੈਂਡ ਸੂਬੇ ਦੇ ਮੋਨ ਜ਼ਿਲ੍ਹੇ ਵਿਚ ਸੁਰੱਖਿਆ ਫੋਰਸ ਦੀ ਗੋਲੀਬਾਰੀ ’ਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਦਰਅਸਲ ਸੁਰੱਖਿਆ ਫੋਰਸ ਨੇ ਪਿੰਡ ਵਾਸੀਆਂ ਨੂੰ ਅੱਤਵਾਦੀ ਸਮਝ ਕੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ’ਚ 14 ਲੋਕਾਂ ਦੀ ਮੌਤ ਹੋ ਗਈ। ਓਧਰ ਪੁਲਸ ਮੁਤਾਬਕ ਉਹ ਇਸ ਘਟਨਾ ਦੀ ਜਾਂਚ ਕਰ ਰਹੀ ਹੈ, ਤਾਂ ਕਿ ਪਤਾ ਲੱਗ ਸਕੇ ਕਿ ਕੀ ਇਹ ਗਲਤ ਪਹਿਚਾਣ ਦਾ ਮਾਮਲਾ ਹੈ। ਇਸ ਘਟਨਾ ਤੋਂ ਬਾਅਦ ਭੜਕੀ ਹਿੰਸਾ ਵਿਚ ਇਕ ਫ਼ੌਜੀ ਸ਼ਹੀਦ ਹੋ ਗਿਆ।
ਇਹ ਵੀ ਪੜ੍ਹੋ: ਗਰੀਬੀ ਅੱਗੇ ਬੇਵੱਸ ਪਿਤਾ; ਬਲਦ ਨਹੀਂ ਤਾਂ ਧੀਆਂ ਵਾਹੁੰਦੀਆਂ ਨੇ ਖੇਤ, CM ਨੇ ਮਦਦ ਲਈ ਵਧਾਏ ਹੱਥ