ਰਾਹੁਲ ਸਮੇਤ ਵਿਰੋਧੀ ਨੇਤਾਵਾਂ ਨੇ ''ਕਿਸਾਨ ਸੰਸਦ'' ਪਹੁੰਚ ਜਤਾਇਆ ਸਮਰਥਨ, ਤੋਮਰ ਨੇ ''ਮੀਡੀਆ ਇਵੈਂਟ'' ਦੱਸਿਆ
Saturday, Aug 07, 2021 - 10:05 AM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਕਈ ਹੋਰ ਵਿਰੋਧੀ ਨੇਤਾਵਾਂ ਨੇ ਸ਼ੁੱਕਰਵਾਰ ਨੂੰ ਦੁਪਹਿਰ ਇੱਥੇ ਜੰਤਰ-ਮੰਤਰ ਪਹੁੰਚ ਕੇ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕ ਰਹੇ ਕਿਸਾਨਾਂ ਨਾਲ ਇਕਜੁਟਤਾ ਪ੍ਰਗਟ ਕੀਤੀ ਅਤੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਦੂਜੇ ਪਾਸੇ, ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਵਿਰੋਧੀ ਧਿਰ ਦੇ ਇਸ ਕਦਮ 'ਮੀਡੀਆ ਇਵੈਂਟ' (ਮੀਡੀਆ ਨੂੰ ਧਿਆਨ 'ਚ ਰੱਖ ਕੇ ਕੀਤਾ ਗਿਆ ਆਯੋਜਨ) ਕਰਾਰ ਦਿੰਦੇ ਹੋਏ ਕਿਹਾ ਕਿ ਜੇਕਰ ਵਿਰੋਧੀ ਦਲ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਈਮਾਨਦਾਰ ਹੁੰਦੇ ਤਾਂ ਸੰਸਦ 'ਚ ਚਰਚਾ ਕਰਦੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਇਸ ਵਿਸ਼ੇ 'ਤੇ ਚਰਚਾ ਲਈ ਤਿਆਰ ਹੈ। ਕਿਸਾਨ ਜਥੇਬੰਦੀਆਂ ਵਲੋਂ ਆਯੋਜਿਤ 'ਕਿਸਾਨ ਸੰਸਦ' 'ਚ ਹਿੱਸਾ ਲੈਣ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਕਿਸਾਨਾਂ ਦੇ ਪ੍ਰਤੀ ਆਪਣਾ ਪੂਰਾ ਸਮਰਥਨ ਜਤਾਇਆ ਹੈ ਅਤੇ ਤਿੰਨੋਂ ਨਵੇਂ ਖੇਤੀ ਕਾਨੂੰਨਾਂ ਰੱਦ ਕਰਨ 'ਤੇ ਜ਼ੋਰ ਦਿੱਤਾ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਰਨ ਜਾਨ ਗੁਆਉਣ ਵਾਲੇ 101 ਪੱਤਰਕਾਰਾਂ ਦੇ ਪਰਿਵਾਰਾਂ ਲਈ 5.05 ਕਰੋੜ ਰੁਪਏ ਮਨਜ਼ੂਰ
ਰਾਹੁਲ ਗਾਂਧੀ ਸਮੇਤ ਕਈ ਵਿਰੋਧੀ ਨੇਤਾ ਇਕ ਬੱਸ 'ਚ ਸਵਾਰ ਹੋ ਕੇ ਜੰਤਰ-ਮੰਤਰ ਪਹੁੰਚੇ, ਜਿੱਥੇ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਸਾਂਕੇਤਿਕ 'ਕਿਸਾਨ ਸੰਸਦ' ਦਾ ਆਯੋਜਨ ਕੀਤੇ ਹੋਏ ਹਨ। ਕਿਸਾਨ ਜਥੇਬੰਦੀਆਂ ਦੀ ਮੰਗ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਦੀ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਪਹੁੰਚਣ ਵਾਲੇ ਨੇਤਾਵਾਂ 'ਚ ਰਾਹੁਲ ਗਾਂਧੀ, ਰਾਜ ਸਭਾ ਦੇ ਵਿਰੋਧੀ ਨੇਤਾ ਮਲਿਕਾਰਜੁਨ ਖੜਗੇ, ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ, ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ, ਦਰਮੁਕ ਨੇਤਾ ਤਿਰੂਚੀ ਸ਼ਿਵਾ, ਸ਼ਿਵ ਸੈਨਾ ਦੇ ਸੰਜੇ ਰਾਊਤ, ਰਾਜਦ ਦੇ ਮਨੋਜ ਝਾ, ਭਾਕਪਾ ਦੇ ਵਿਨੇ ਵਿਸ਼ਵਮ, ਮਾਕਪਾ ਈ. ਕਰੀਮ, ਸਮਾਜਵਾਦੀ ਪਾਰਟੀ ਦੇ ਐੱਸ.ਟੀ. ਹਸਨ ਅਤੇ ਹੋਰ ਵਿਰੋਧੀ ਨੇਤਾ ਸ਼ਾਮਲ ਸਨ। ਵਿਰੋਧੀ ਦਲਾਂ 'ਤੇ ਨਿਸ਼ਾਨਾ ਸਾਧਦੇ ਹੋਏ ਤੋਮਰ ਨੇ ਕਿਹਾ,''ਵਿਰੋਧੀ ਧਿਰ ਦਾ ਜੰਤਰ-ਮੰਤਰ ਜਾਣਾ ਸਿਰਫ਼ ਮੀਡੀਆ ਇਵੈਂਟ ਹੈ। ਜੇਕਰ ਉਨ੍ਹਾਂ ਦੇ ਮਨ 'ਚ ਕਿਸਾਨਾਂ ਲਈ ਥੋੜ੍ਹਾ ਸਥਾਨ ਹੁੰਦਾ, ਈਮਾਨਦਾਰੀ ਹੁੰਦੀ ਤਾਂ ਉਹ ਉਨ੍ਹਾਂ ਦੇ ਵਿਸ਼ੇ ਨੂੰ ਸਦਨ 'ਚ ਉਠਾਉਂਦੇ ਅਤੇ ਜੇਕਰ ਹੱਲ ਨਹੀਂ ਨਿਕਲਦਾ ਤਾਂ ਸੰਘਰਸ਼ ਕਰਦੇ।'' ਉਨ੍ਹਾਂ ਕਿਹਾ,''ਸਰਕਾਰ ਇਸ 'ਤੇ ਚਰਚਾ ਕਰਨ ਲਈ ਤਿਆਰ ਹੈ ਅਤੇ ਵਿਰੋਧੀ ਧਿਰ ਚਰਚਾ ਤੋਂ ਦੌੜ ਰਿਹਾ ਹੈ ਤਾਂ ਇਹ ਪੂਰਾ ਦੇਸ਼ ਦੇਖ ਰਿਹਾ ਹੈ। ਜੇਕਰ ਮੀਡੀਆ ਇਹ ਦਿਖਾਉਣਾ ਬੰਦ ਕਰੇ ਤਾਂ ਇਹ ਬੰਦ ਹੋ ਜਾਵੇਗਾ।''
ਇਹ ਵੀ ਪੜ੍ਹੋ : ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਲਈ ਮੋਦੀ ਸਰਕਾਰ ਨੇ ਕੀਤਾ ਵੱਡਾ ਐਲਾਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ