ਦੁਨੀਆ ਭਰ ’ਚ ਬਦਨਾਮ ਗੋਲਡਨ ਟ੍ਰੈਂਗਲ ਦੀ ਸਰਹੱਦ ’ਤੇ ਹਿੰਸਾ ਦੀ ਅਫੀਮ
Tuesday, May 09, 2023 - 01:11 PM (IST)
ਇੰਫਾਲ, (ਵਿਸ਼ੇਸ਼)- ਮਣੀਪੁਰ ਵਿਚ ਡਰੱਗਸ ਵਿਰੁੱਧ ਸਖਤੀ ਤੋਂ ਬਾਅਦ ਮਾਫੀਆ ਦੇ ਹਿੰਸਾ ਭੜਕਾਉਣ ਵਿਚ ਕਿਰਦਾਰ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਚੁਰਾਚੰਦਪੁਰ ਵਿਚ ਪੁਲਸ ਨੇ ਦੋ ਲੋਕਾਂ ਕੋਲੋਂ 16 ਕਿਲੋ ਅਫੀਮ ਬਰਾਮਦ ਕੀਤੀ ਸੀ। ਇਸ ’ਤੇ ਪਿਛਲੀ 2 ਮਈ ਨੂੰ ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਇਕ ਟਵੀਟ ਕੀਤਾ, ਇਹ ਲੋਕ ਸਾਡੇ ਜੰਗਲਾਂ ਨੂੰ ਬਰਬਾਦ ਕਰ ਰਹੇ ਹਨ ਅਤੇ ਫਿਰਕੂ ਮੁੱਦਿਆਂ ਨੂੰ ਆਪਣੇ ਡਰੱਗਸ ਬਿਜਨੈੱਸ ਲਈ ਭੜਕਾ ਰਹੇ ਹਨ।
ਮਿਆਂਮਾਰ ਦੀ 400 ਕਿਲੋਮੀਟਰ ਸਰਹੱਦ ਲੱਗਦੀ ਹੈ ਮਣੀਪੁਰ ਨਾਲ
ਮਿਆਂਮਾਰ, ਲਾਓਸ ਅਤੇ ਥਾਈਲੈਂਡ ਪੂਰੀ ਦੁਨੀਆ ਵਿਚ ਇਹ ਤਿੰਨ ਦੇਸ਼ ਡਰੱਗਸ ਸਮੱਗਲਿੰਗ ਦੀ ਆਰਥਿਕਤਾ ਲਈ ਬਦਨਾਮ ਹਨ ਅਤੇ ਗੋਲਡਨ ਟ੍ਰੈਂਗਲ ਦੇ ਨਾਂ ਨਾਲ ਜਾਣੇ ਜਾਂਦੇ ਹਨ। ਇਨ੍ਹਾਂ ਵਿਚੋਂ ਇਕ ਮਿਆਂਮਾਰ ਨਾਲ ਮਣੀਪੁਰ ਲਗਭਗ 400 ਕਿਲੋਮੀਟਰ ਦੀ ਸਰਹੱਦ ਸਾਂਝੀ ਕਰਦਾ ਹੈ। 10 ਫੀਸਦੀ ਬਾੜਬੰਦੀ ਵਾਲੇ ਹਿੱਸੇ ਨੂੰ ਛੱਡ ਦੇਈਏ ਤਾਂ ਬਾਕੀ ਪੂਰੀ ਸਰਹੱਦ ਖੁੱਲ੍ਹੀ ਹੈ। ਪਹਾੜਾਂ, ਸੰਘਣੇ ਜੰਗਲਾਂ ਅਤੇ ਨਦੀਆਂ ਝਰਨਿਆਂ ਵਾਲੀ ਇਹ ਖੁੱਲ੍ਹੀ ਸਰਹੱਦ ਦੁਨੀਆ ਦੇ ਬਦਨਾਮ ਗੋਲਡਨ ਟ੍ਰੈਂਗਲ ਲਈ ਪੂਰਬ ਉੱਤਰ ਭਾਰਤ ਵਿਚ ਡਰੱਗਸ ਸਮੱਗਲਿੰਗ ਦਾ ਇਕ ਸੁਰੱਖਿਅਤ ਰਸਤਾ ਵੀ ਬਣ ਜਾਂਦਾ ਹੈ। ਮਣੀਪੁਰ ਦੇ ਇਹ ਪਹਾੜੀ ਇਲਾਕੇ ਅਫੀਮ ਦੀ ਗੈਰ-ਕਾਨੂੰਨੀ ਖੇਤੀ ਲਈ ਬਦਨਾਮ ਹਨ। ਪਿਛਲੇ ਸਾਲ ਜੂਨ ਤੋਂ ਦਸੰਬਰ ਦਰਮਿਆਨ ਸਰਕਾਰ ਨੇ 400 ਏਕੜ ਵਿਚ ਅਫੀਮ ਦੀ ਫਸਲ ਨਸ਼ਟ ਕਰਨ ਦਾ ਦਾਅਵਾ ਕੀਤਾ ਸੀ।
6 ਜ਼ਿਲੇ ਬਦਨਾਮ : ਅਫੀਮ ਦੀ ਖੇਤੀ ਲਈ ਮਣੀਪੁਰ ਦੇ 6 ਜ਼ਿਲੇ ਉਖਰੁਲ, ਸੈਨਾਪਤੀ, ਕਾਂਗਪੋਕਪੀ, ਕਾਮਜੋਂਗ, ਚੁਰਾਚੰਦਪੁਰ ਅਤੇ ਟੈਂਗਨੋਪਾਲ ਚਰਚਾ ਵਿਚ ਰਹਿੰਦੇ ਹਨ। ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਪਿਛਲੇ ਦਿਨੀਂ ਅਫੀਮ ਦੀ ਖੇਤੀ ਕਰਨ ਵਾਲਿਆਂ ਲਈ ਬਦਲ ਖੇਤੀ ਦਾ ਐਲਾਨ ਕੀਤਾ ਸੀ। ਇਸਨੂੰ ਨਾ ਛੱਡਣ ਵਾਲਿਆਂ ਖਿਲਾਫ ਉੱਚਿਤ ਕਾਨੂੰਨੀ ਕਾਰਵਾਈ ਕੀਤੀ ਗੱਲ ਵੀ ਕਹੀ ਗਈ ਸੀ।
ਬੱਚ ਜਾਂਦੇ ਹਨ ਖੇਤੀ ਕਰਨ ਵਾਲੇ : ਜਿਨ੍ਹਾਂ ਪਹਾੜੀਆਂ ’ਤੇ ਅਫੀਮ ਬੀਜੀ ਜਾਂਦੀ ਹੈ, ਉਨ੍ਹਾਂ ’ਤੇ ਕਿਸੇ ਦੀ ਮਾਲਕੀ ਦਾ ਰਿਕਾਰਡ ਸਰਕਾਰ ਕੋਲ ਨਹੀਂ ਹੈ। ਇਸ ਲਈ ਜਦੋਂ ਫਸਲ ਨਸ਼ਟ ਕੀਤੀ ਜਾਂਦੀ ਹੈ ਤਾਂ ਇਹ ਕਿਸਦੀ ਹੈ ਇਸਨੂੰ ਸਾਬਤ ਕਰਨਾ ਮੁਸ਼ਕਲ ਹੁੰਦਾ ਹੈ। ਇਸ ਲਈ ਇਸਨੂੰ ਉਗਾਉਣ ਵਾਲੇ ਬੱਚ ਜਾਂਦੇ ਹਨ। 2017 ਤੋਂ 2020 ਦਰਮਿਆਨ ਪੁਲਸ ਨੇ 1501 ਲੋਕਾਂ ਨੂੰ ਡਰੱਗਸ ਦੇ ਮਾਮਲਿਆਂ ਵਿਚ ਗ੍ਰਿਫਤਾਰ ਕੀਤਾ ਸੀ ਪਰ ਇਨ੍ਹਾਂ ਵਿਚੋਂ ਸਿਰਫ 128 ਨੂੰ ਹੀ ਦੋਸ਼ੀ ਠਹਿਰਾਇਆ ਜਾ ਸਕਿਆ। ਨਾਰਕੋਟਿਕਸ ਐਂਡ ਅਫੇਅਰਸ ਆਫ ਬਾਰਡਰ ਮਣੀਪੁਰ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਮਣੀਪੁਰ ਰਾਇਫਲਸ ਦੇ ਕਮਾਂਡੋ ਅਤੇ ਟੀਮਾਂ ਜਦੋਂ ਫਸਲਾਂ ਨੂੰ ਨਸ਼ਟ ਕਰਨ ਜਾਂਦੇ ਹਨ ਤਾਂ ਉਨ੍ਹਾਂ ’ਤੇ ਘਾਤ ਲਗਾ ਕੇ ਹਮਲਾ ਕੀਤਾ ਜਾਂਦਾ ਹੈ।
ਗਰੀਬੀ ਅਤੇ ਬੇਰੋਜ਼ਗਾਰੀ ਮੁੱਖ ਕਾਰਨ
ਅਫੀਮ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਬੇਹੱਦ ਗਰੀਬ ਅਤੇ ਬੇਰੋਜ਼ਗਾਰ ਹਨ। ਕਈ ਕਿਸਾਨ ਮਿਲ ਕੇ ਇਕ ਏਕੜ ਵਿਚ ਅਫੀਮ ਦੀ ਖੇਤੀ ਕਰਦੇ ਹਨ ਤਾਂ ਇਹ ਸਮੂਹ ਸਾਲ ਦਾ 10 ਲੱਖ ਰੁਪਏ ਤੱਕ ਕਮਾ ਲੈਂਦਾ ਹੈ। ਜਦਕਿ ਇੰਨੀ ਹੀ ਜ਼ਮੀਨ ਵਿਚ ਸਬਜ਼ੀਆਂ ਉਗਾ ਕੇ ਉਹ 2 ਲੱਖ ਰੁਪਏ ਸਾਲਾਨਾ ਤੋਂ ਜ਼ਿਆਦਾ ਨਹੀਂ ਕਮਾ ਸਕਦੇ। ਇਹੋ ਗੱਲ ਉਨ੍ਹਾਂ ਨੂੰ ਜੋਖਮ ਲੈਣ ਲਈ ਮਜ਼ਬੂਰ ਕਰਦੀ ਹੈ। ਸੀਜਨ ਵਿਚ ਕਈ ਵਿਦਿਆਰਥੀ ਵੀ ਅਫੀਮ ਕੱਢਣ ਦੇ ਕੰਮ ਲਈ ਇਨ੍ਹਾਂ ਇਲਾਕਿਆਂ ਵਿਚ ਕਮਾਈ ਦੇ ਉਦੇਸ਼ ਨਾਲ ਆ ਜਾਂਦੇ ਹਨ।