30 ਸਾਲ ਤੋਂ ਜਨਾਨੀ ਦਾ ਨਹੀਂ ਖੁੱਲ ਸਕਿਆ ਮੂੰਹ, ਦੁਨੀਆ ਦੇ ਡਾਕਟਰਾਂ ਨੇ ਖੜ੍ਹੇ ਕੀਤੇ ਹੱਥ ਤਾਂ ਦਿੱਲੀ ’ਚ ਹੋਇਆ ਕਮਾਲ
Tuesday, Mar 30, 2021 - 02:45 PM (IST)
ਨਵੀਂ ਦਿੱਲੀ— ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ’ਚ ਖੋਪੜੀ ਦੀ ਹੱਡੀ ਨਾਲ ਜਬਾੜੇ ਦੇ ਜੁੜੇ ਹੋਣ ਦੇ ਚੱਲਦੇ ਬਚਪਨ ਤੋਂ ਹੀ ਸਹੀ ਢੰਗ ਨਾਲ ਮੂੁੰਹ ਨਾ ਖੋਲ੍ਹ ਸਕਣ ਵਾਲੀ 30 ਸਾਲਾ ਜਨਾਨੀ ਦਾ ਸਫ਼ਲ ਆਪਰੇਸ਼ਨ ਕੀਤਾ ਗਿਆ ਹੈ। ਹਸਪਤਾਲ ਨੇ ਇਕ ਬਿਆਨ ਵਿਚ ਕਿਹਾ ਕਿ ਆਸਥਾ ਮੋਂਗੀਆ ਨਾਮੀ ਮਰੀਜ਼ ਦਾ ਬਹੁਤ ਹਲਕਾ ਜਿਹਾ ਮੂੰਹ ਖੁੱਲ੍ਹਦਾ ਸੀ ਅਤੇ ਉਹ ਆਪਣੇ ਹੱਥ ਤੋਂ ਜ਼ੁਬਾਨ ਤੱਕ ਨੂੰ ਨਹੀਂ ਛੂਹ ਪਾਉਂਦੀ ਸੀ। ਬਿਆਨ ਮੁਤਾਬਕ ਬੀਤੇ 30 ਸਾਲਾਂ ਵਿਚ ਉਹ ਕੋਈ ਸਖ਼ਤ ਚੀਜ਼ ਨਹੀਂ ਖਾ ਸਕੀ ਅਤੇ ਉਨ੍ਹਾਂ ਨੂੰ ਬੋਲਣ ’ਚ ਵੀ ਮੁਸ਼ਕਲ ਹੁੰਦੀ ਸੀ। ਦੰਦਾਂ ’ਚ ਇਨਫੈਕਸ਼ਨ ਦੇ ਚੱਲਦੇ ਉਨ੍ਹਾਂ ਦੇ ਸਾਰੇ ਦੰਦ ਖਰਾਬ ਹੋ ਗਏ ਸਨ।
ਓਧਰ ਡਾਕਟਰਾਂ ਨੇ ਕਿਹਾ ਕਿ ਮਰੀਜ਼ ਦਾ ਚਿਹਰਾ ਸੱਜੇ ਪਾਸੇ ਵੱਲ ਉੱਪਰੀ ਹਿੱਸੇ, ਨੇਤਰ ਕੂਪ (ਆਰਬਿਟ) ਅਤੇ ਮੱਥੇ ਦੇ ਆਲੇ-ਦੁਆਲੇ ਟਿਊਮਰ ਦੇ ਚੱਲਦੇ ਇਹ ਇਕ ਗੰਭੀਰ ਮਾਮਲਾ ਸੀ। ਭਾਰਤ, ਬਿ੍ਰਟੇਨ ਅਤੇ ਦੁਬਈ ਦੇ ਕਈ ਮੰਨੇ-ਪ੍ਰਮੰਨੇ ਹਸਪਤਾਲਾਂ ਨੇ ਵੀ ਇਹ ਸਰਜਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸਰ ਗੰਗਾਰਾਮ ਹਸਪਤਾਲ ਦੇ ਸੀਨੀਅਰ ਪਲਾਸਟਿਕ ਸਰਜਨ ਡਾਕਟਰ ਰਾਜੀਵ ਆਹੂਜਾ ਨੇ ਕਿਹਾ ਕਿ ਮੋਂਗੀਆ ਦਾ ਮੂੰਹ ਹੁਣ 3 ਸੈਂਟੀਮੀਟਰ ਹੋਰ ਖੁੱਲ੍ਹ ਸਕਦਾ ਹੈ। ਕਿਸੇ ਆਮ ਵਿਅਕਤੀ ਦਾ ਮੂੰਹ 4 ਤੋਂ 6 ਸੈਂਟੀਮੀਟਰ ਖੁੱਲ੍ਹ ਸਕਦਾ ਹੈ।
ਇਕ ਸਰਕਾਰੀ ਬੈਂਕ ਵਿਚ ਸੀਨੀਅਰ ਮੈਨੇਜਰ ਆਸਥਾ ਮੋਂਗੀਆ ਦੇ ਹਵਾਲੇ ਤੋਂ ਬਿਆਨ ਵਿਚ ਕਿਹਾ ਗਿਆ ਕਿ ਇਹ ਚਮਤਕਾਰ ਵਾਂਗ ਹੈ ਕਿ ਹੁਣ ਮੈਂ ਆਪਣਾ ਮੂੰਹ ਖੋਲ੍ਹ ਸਕਦੀ ਹਾਂ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਖਾ-ਪੀ ਸਕਦੀ ਹਾਂ। ਡਾ. ਆਹੂਜਾ ਨੇ ਕਿਹਾ ਕਿ ਅਭਿਆਸ ਨਾਲ ਉਨ੍ਹਾਂ ਦਾ ਮੁੂੰਹ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਖੁੱਲ੍ਹਣ ਲੱਗੇਗਾ।