''ਅਸੀਂ ਜਦੋਂ ਚਾਹੀਏ, ਜਿੱਥੇ ਚਾਹੀਏ, ਹਮਲਾ ਕਰ ਸਕਦੇ ਹਾਂ...'', ਆਪਰੇਸ਼ਨ ਸਿੰਦੂਰ ਦੀ ਸਫ਼ਲਤਾ ਮਗਰੋਂ ਬੋਲੇ DGMO

Monday, May 12, 2025 - 03:23 PM (IST)

''ਅਸੀਂ ਜਦੋਂ ਚਾਹੀਏ, ਜਿੱਥੇ ਚਾਹੀਏ, ਹਮਲਾ ਕਰ ਸਕਦੇ ਹਾਂ...'', ਆਪਰੇਸ਼ਨ ਸਿੰਦੂਰ ਦੀ ਸਫ਼ਲਤਾ ਮਗਰੋਂ ਬੋਲੇ DGMO

ਨੈਸ਼ਨਲ ਡੈਸਕ- ਅੱਜ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਈ ਫ਼ੌਜੀ ਕਾਰਵਾਈ ਬਾਰੇ ਜਾਣਕਾਰੀ ਦੇਣ ਲਈ ਤਿੰਨਾਂ ਫ਼ੌਜੀਆਂ ਦੇ ਮੁਖੀਆਂ ਵੱਲੋਂ ਪ੍ਰੈੱਸ ਬ੍ਰੀਫਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਭਾਰਤੀ ਹਵਾਈ ਸੈਨਾ ਦੇ ਮੁਖੀ ਏ.ਕੇ. ਭਾਰਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਲੜਾਈ ਅੱਤਵਾਦ ਨਾਲ ਹੈ, ਪਾਕਿਸਤਾਨ ਨਾਲ ਨਹੀਂ। ਪਰ ਇਹ ਬਹੁਤ ਦੁਖ ਦੀ ਗੱਲ ਹੈ ਕਿ ਭਾਰਤ ਦੀ ਅੱਤਵਾਦ ਖ਼ਿਲਾਫ਼ ਲੜਾਈ ਨੂੰ ਪਾਕਿਸਤਾਨ ਖ਼ਿਲਾਫ਼ ਜੰਗ ਸਮਝ ਲਿਆ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਜੰਗ ਦੀ ਸਥਿਤੀ ਬਣ ਗਈ।

ਉਨ੍ਹਾਂ ਕਿਹਾ ਕਿ ਭਾਰਤ ਨੇ ਅੱਤਵਾਦੀਆਂ ਖ਼ਿਲਾਫ਼ ਲੜਾਈ ਲਈ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ ਤੇ ਪਾਕਿਸਤਾਨ ਤੇ ਪੀ.ਓ.ਕੇ. 'ਚ ਸਥਿਤ ਅੱਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ, ਪਰ ਅਫਸੋਸ ਦੀ ਗੱਲ ਹੈ ਕਿ ਅੱਤਵਾਦ ਖ਼ਿਲਾਫ਼ ਲੜਾਈ 'ਚ ਸਾਥ ਦੇਣ ਦੀ ਬਜਾਏ ਪਾਕਿਸਤਾਨੀ ਫੌਜ ਭਾਰਤ ਦੇ ਖ਼ਿਲਾਫ਼ ਹੀ ਆ ਖੜੀ ਹੋਈ, ਜਿਸ ਮਗਰੋਂ ਭਾਰਤੀ ਹਮਲੇ ਕਾਰਨ ਪਾਕਿਸਤਾਨ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ। ਇਹ ਨੁਕਸਾਨ ਉਨ੍ਹਾਂ ਨੂੰ ਅੱਤਵਾਦੀਆਂ ਦਾ ਸਾਥ ਦੇਣ ਦੀ ਗ਼ਲਤੀ ਕਾਰਨ ਉਠਾਉਣਾ ਪਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਭਾਰਤੀ ਫ਼ੌਜ ਚੱਟਾਨ ਵਾਂਗ ਖੜ੍ਹੀ ਰਹੀ ਤੇ ਪਾਕਿਸਤਾਨ ਦੇ ਇਕ ਵੀ ਹਮਲੇ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਗਿਆ। ਭਾਵੇਂ ਕਿ ਪਾਕਿਸਤਾਨ ਦੇ ਹਥਿਆਰ ਆਧੁਨਿਕ ਤਕਨੀਕ ਦੇ ਸਨ, ਪਰ ਭਾਰਤ ਦੇ ਪੁਰਾਣੇ ਏਅਰ ਡਿਫੈਂਸ , ਜਿਵੇਂ ਕਿ ਪਿਚੋਰਾ ਨੂੰ ਵੀ ਉਨ੍ਹਾਂ ਦੇ ਹਥਿਆਰ ਕੋਈ ਨੁਕਸਾਨ ਨਹੀਂ ਪਹੁੰਚਾ ਸਕੇ। ਇਸ ਗੱਲ ਤੋਂ ਭਾਰਤੀ ਫੌਜ ਦੀ ਤਾਕਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਇਸ ਮਗਰੋਂ ਅਧਿਕਾਰੀਆਂ ਨੇ ਦੱਸਿਆ ਕਿ ਅਸੀਂ ਲੇਜ਼ਰ ਗੰਨ ਰਾਹੀਂ ਪਾਕਿਸਤਾਨੀ ਡਰੋਨ ਢੇਰ ਕੀਤੇ ਸਨ। ਫ਼ੌਜ ਨੇ 9 ਅਤੇ 10 ਮਈ ਨੂੰ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਹਮਲਿਆਂ ਨੂੰ ਨਾਕਾਮ ਕੀਤਾ ਸੀ। ਅਸੀਂ ਸਰਹੱਦ ਪਾਰ ਕੀਤੇ ਬਗ਼ੈਰ ਪਾਕਿਸਤਾਨ 'ਚ ਸਥਿਤ ਅੱਤਵਾਦੀ ਟਿਕਾਣਿਆਂ 'ਤੇ ਸਟੀਕ ਹਮਲੇ ਕੀਤੇ। ਸਾਡਾ ਏਅਰ ਡਿਫੈਂਸ ਮਲਟੀ ਲੇਅਰਡ, ਜਿਸ ਕਾਰਨ ਪਾਕਿਸਤਾਨ ਦੀ ਕੋਈ ਵੀ ਹਵਾਈ ਹਮਲੇ ਦੀ ਕੋਸ਼ਿਸ਼ ਸਫ਼ਲ ਨਹੀਂ ਹੋ ਸਕੀ।

ਉਨ੍ਹਾਂ ਅੱਗੇ ਕਿਹਾ ਕਿ ਸਾਡੇ ਸ਼ਾਨਦਾਰ ਏਅਰ ਡਿਫੈਂਸ ਸਿਸਟਮ ਕਾਰਨ ਸਾਡੇ ਫ਼ੌਜੀ ਟਿਕਾਣਿਆਂ 'ਤੇ ਹਮਲਾ ਨਾਮੁਮਕਿਨ ਸੀ, ਜਿਸ ਕਾਰਨ ਸਾਡੇ ਸਾਰੇ ਏਅਰ ਬੇਸ, ਫ਼ੌਜੀ ਬੇਸ ਤੇ ਹਥਿਆਰ ਪੂਰੀ ਤਰ੍ਹਾਂ ਨਾਲ ਆਪਰੇਸ਼ਨਲ ਹਾਲਤ 'ਚ ਹਨ ਤੇ ਅਸੀਂ ਅੱਗੇ ਜੇਕਰ ਕੋਈ ਵੀ ਹਮਲਾ ਹੁੰਦਾ ਹੈ, ਤਾਂ ਉਸ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ। ਉਨ੍ਹਾਂ ਅੱਗੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਵਿਚ ਬੀ.ਐੱਸ.ਐੱਫ. ਦਾ ਵੀ ਮਹੱਤਵਪੂਰਨ ਯੋਗਦਾਨ ਹੈ, ਜਿਸ ਨੇ ਸਰਹੱਦ ਤੋਂ ਪਾਕਿਸਤਾਨੀ ਫ਼ੌਜ ਨੂੰ ਫਾਇਰਿੰਗ ਦਾ ਮੂੰਹਤੋੜ ਜਵਾਬ ਦਿੱਤਾ।

ਭਾਰਤੀ ਜਲ ਸੈਨਾ ਦੇ ਮੁਖੀ ਨੇ ਕਿਹਾ ਕਿ ਸਾਡੇ ਜੰਗੀ ਬੇੜਿਆਂ ਨੇ ਦੁਸ਼ਮਣ ਦੇ ਜਹਾਜ਼ਾਂ ਨੂੰ ਦੇਸ਼ ਦੇ ਨੇੜੇ ਨਹੀਂ ਆਉਣ ਦਿੱਤਾ। ਅਰਬ ਸਾਗਰ 'ਚ ਵੀ ਅਸੀਂ ਲਗਾਤਾਰ ਨਜ਼ਰ ਬਣਾਈ ਰੱਖੀ। ਇਸ ਤੋਂ ਇਲਾਵਾ ਸਾਡੇ ਆਈ.ਐੱਨ.ਐੱਸ. ਵਿਕਰਾਂਤ ਨੇ ਪਾਕਿਸਤਾਨੀ ਜਲ ਸੈਨਾ ਨੂੰ ਹਮਲੇ ਦਾ ਮੌਕਾ ਨਹੀਂ ਦਿੱਤਾ ਤੇ ਪਾਕਿਸਤਾਨ ਦੇ ਕਈ ਏਅਰਬੇਸ ਅਸੀਂ ਤਬਾਹ ਕਰ ਦਿੱਤੇ। 

ਲੈਫਟੀਨੈਂਟ ਜਨਰਲ ਰਾਜੀਵ ਘਈ ਨੇ ਕਿਹਾ ਕਿ ਸਾਨੂੰ 'ਆਪ੍ਰੇਸ਼ਨ ਸਿੰਦੂਰ' ਦੇ ਏਅਰ ਡਿਫੈਂਸ ਐਕਸ਼ਨ ਨੂੰ ਸਮਝਣ ਦੀ ਲੋੜ ਹੈ। ਪਿਛਲੇ ਕੁਝ ਸਾਲਾਂ 'ਚ ਅੱਤਵਾਦੀ ਗਤੀਵਿਧੀਆਂ ਖ਼ਤਰਨਾਕ ਹੋ ਰਹੀਆਂ ਹਨ ਤੇ ਹੁਣ ਫ਼ੌਜ ਦੇ ਨਾਲ-ਨਾਲ ਮਾਸੂਮ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਦਾ ਰਿਹਾ ਹੈ। 2024 'ਚ ਸ਼ਿਵਖੋੜੀ ਮੰਦਰ ਜਾਣ ਵਾਲੇ ਸ਼ਰਧਾਲੂ ਅਤੇ ਇਸ ਸਾਲ ਅਪ੍ਰੈਲ ਵਿਚ ਪਹਿਲਗਾਮ 'ਚ ਬੇਕਸੂਰ ਸੈਲਾਨੀਆਂ 'ਤੇ ਹਮਲਾ ਕੀਤਾ ਗਿਆ। ਇਸ ਹਮਲੇ ਮਗਰੋਂ ਪਾਕਿਸਤਾਨ ਦੇ ਪਾਪ ਦਾ ਘੜਾ ਭਰ ਗਿਆ ਸੀ, ਜਿਸ ਕਾਰਨ ਭਾਰਤੀ ਫੌਜ ਨੇ ਆਪਰੇਸ਼ਨ ਸਿੰਦੂਰ ਚਲਾ ਕੇ ਉਨ੍ਹਾਂ ਬੇਕਸੂਰਾਂ ਦੀ ਜਾਨ ਦੇ ਬਦਲੇ 100 ਤੋਂ ਵੱਧ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰਿਆ ਸੀ।

ਇਹ ਵੀ ਪੜ੍ਹੋ- ''ਇਹ ਬੇਹੱਦ ਸ਼ਰਮਨਾਕ ਹੈ...'', ਜੰਗਬੰਦੀ ਮਗਰੋਂ ਟ੍ਰੋਲਿੰਗ ਦੇ ਸ਼ਿਕਾਰ ਹੋਏ ਮਿਸਰੀ ਦੇ ਹੱਕ 'ਚ ਆਏ ਕਈ ਆਗੂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News