ਆਪ੍ਰੇਸ਼ਨ ਸਿੰਦੂਰ ਦੀ ਟੀਮ ਤੋਂ ਮਮਤਾ ਨੇ ਬਣਾਈ ਦੂਰੀ, ਯੂਸੁਫ ਪਠਾਨ ਨੂੰ ਵੀ ਰੋਕਿਆ
Tuesday, May 20, 2025 - 10:11 AM (IST)

ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੇ ਕੇਂਦਰ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਉਹ ਅੱਤਵਾਦ ਖਿਲਾਫ ਭਾਰਤ ਦੇ ਰੁਖ ਨੂੰ ਸੰਸਾਰਿਕ ਮੰਚਾਂ ’ਤੇ ਪੇਸ਼ ਕਰਨ ਲਈ ਗਠਿਤ 7 ਸਰਬ ਪਾਰਟੀ ਵਫਦਾਂ ਵਿਚ ਹਿੱਸਾ ਨਹੀਂ ਲਵੇਗੀ। ਇਹ ਵਫਦ ਹਾਲ ਹੀ ਵਿਚ ਹੋਏ ਪਹਿਲਗਾਮ ਅੱਤਵਾਦੀ ਹਮਲੇ ਅਤੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਵਿਦੇਸ਼ਾਂ ਵਿਚ ਭੇਜੇ ਜਾ ਰਹੇ ਹਨ।
ਪਾਰਟੀ ਸੂਤਰਾਂ ਮੁਤਾਬਕ ਤ੍ਰਿਣਮੂਲ ਨੇ ਆਪਣੇ ਲੋਕ ਸਭਾ ਸੰਸਦ ਮੈਂਬਰ ਯੂਸੁਫ ਪਠਾਨ, ਜੋ ਇਕ ਵਫਦ ਦਾ ਹਿੱਸਾ ਸਨ, ਨੂੰ ਇਸ ਯਾਤਰਾ ਵਿਚ ਹਿੱਸਾ ਨਾ ਲੈਣ ਦਾ ਨਿਰਦੇਸ਼ ਦਿੱਤਾ ਹੈ। ਹਾਲਾਂਕਿ ਤ੍ਰਿਣਮੂਲ ਨੇ ਅਧਿਕਾਰਕ ਤੌਰ ’ਤੇ ਆਪਣੇ ਫੈਸਲੇ ਦਾ ਕੋਈ ਕਾਰਨ ਜਨਤਕ ਨਹੀਂ ਕੀਤਾ ਹੈ ਪਰ ਕੇਂਦਰ ਸਰਕਾਰ ਨੂੰ ਇਸ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ।
ਸਰਕਾਰ ਦੀ ਯੋਜਨਾ ਤਹਿਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ. ਐੱਨ. ਐੱਸ. ਸੀ.) ਦੇ ਮੈਂਬਰ ਦੇਸ਼ਾਂ ਸਮੇਤ 32 ਦੇਸ਼ਾਂ ਅਤੇ ਯੂਰਪੀ ਸੰਘ ਦੇ ਹੈੱਡ ਕੁਆਰਟਰ ਬ੍ਰਸੇਲਜ਼ ਵਿਚ ਬਹੁ-ਪਾਰਟੀ ਵਫਦ ਭੇਜ ਜਾਣਗੇ। ਇਨ੍ਹਾਂ ਦਾ ਉਦੇਸ਼ ਭਾਰਤ ਦੀ ਅੱਤਵਾਦ ਵਿਰੋਧੀ ਨੀਤੀ ਅਤੇ ਸਰਹੱਦ ਪਾਰ ਅੱਤਵਾਦ ਖਿਲਾਫ ਸਖਤ ਰੁਖ ਨੂੰ ਕੌਮਾਂਤਰੀ ਹਮਾਇਤ ਦਿਵਾਉਣਾ ਹੈ।