ਇਰਾਕ ਦੀ ਮਹਿਲਾ ਨੂੰ ਦਿੱਲੀ ਦੇ ਡਾਕਟਰਾਂ ਨੇ ਦਿੱਤੀ ਨਵੀਂ ਜ਼ਿੰਦਗੀ, ਸਰਜਰੀ ਕਰ ਹਟਾਇਆ ਟਿਊਮਰ

Saturday, Jan 11, 2020 - 06:05 PM (IST)

ਇਰਾਕ ਦੀ ਮਹਿਲਾ ਨੂੰ ਦਿੱਲੀ ਦੇ ਡਾਕਟਰਾਂ ਨੇ ਦਿੱਤੀ ਨਵੀਂ ਜ਼ਿੰਦਗੀ, ਸਰਜਰੀ ਕਰ ਹਟਾਇਆ ਟਿਊਮਰ

ਨਵੀਂ ਦਿੱਲੀ (ਭਾਸ਼ਾ)— ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਇਰਾਕ ਰਹਿਣ ਵਾਲੀ 27 ਸਾਲ ਦੀ ਮਹਿਲਾ ਨੂੰ 7 ਘੰਟੇ ਦੀ ਸਰਜਰੀ ਨਾਲ ਇਕ ਦੁਰਲੱਭ ਟਿਊਮਰ ਕੱਢੇ ਜਾਣ ਤੋਂ ਬਾਅਦ ਨਵੀਂ ਜ਼ਿੰਦਗੀ ਮਿਲੀ ਹੈ। ਮਹਿਲਾ ਕਰੀਬ 3 ਸਾਲਾਂ ਬਾਅਦ ਠੀਕ ਢੰਗ ਨਾਲ ਖਾ ਸਕੇਗੀ। ਫੋਰਟਿਸ ਹਸਪਤਾਲ ਦੇ ਡਾਕਟਰਾਂ ਮੁਤਾਬਕ ਮਹਿਲਾ ਮਰੀਜ਼ ਦੇ ਹੇਠਲੇ ਜਬਾੜੇ ਤੋਂ 3 ਸੈਂਟੀਮੀਟਰ ਲੰਬੇ ਅਤੇ 3 ਸੈਂਟੀਮੀਟਰ ਚੌੜੇ ਟਿਊਮਰ ਨੂੰ ਸਰਜਰੀ ਜ਼ਰੀਏ ਕੱਢਿਆ ਗਿਆ। ਡਾਕਟਰਾਂ ਮੁਤਾਬਕ ਰਾਸ਼ਾ ਮੁਹੰਮਦ ਨੇ ਪਹਿਲਾਂ ਆਪਣੇ ਦੇਸ਼ ਵਿਚ ਟਿਊਮਰ ਦਾ ਇਲਾਜ ਕਰਵਾਇਆ, ਜਿੱਥੇ ਉਸ ਨੂੰ ਕੱਟ ਕੇ ਹਟਾਇਆ ਗਿਆ ਅਤੇ ਫਿਰ ਜਬਾੜੇ 'ਚ ਖਾਲੀ ਥਾਂ ਨੂੰ ਭਰਨ ਲਈ ਇਕ ਵਿਸ਼ੇਸ਼ ਪ੍ਰਕਾਰ ਦਾ ਪਲੇਟ ਪਾ ਦਿੱਤਾ ਗਿਆ।

ਫੋਰਟਿਸ ਹਸਪਤਾਲ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਦੁਰਲੱਭ ਟਿਊਮਰ ਦੀ ਸਮੱਸਿਆ ਫਿਰ ਉੱਭਰ ਗਈ ਅਤੇ ਹੇਠਲਾ ਜਬਾੜਾ ਖਰਾਬ ਹੋ ਗਿਆ, ਜਿਸ ਕਾਰਨ ਮਹਿਲਾ ਠੀਕ ਤਰ੍ਹਾਂ ਨਾਲ ਖਾ ਨਹੀਂ ਸਕਦੀ ਸੀ। ਇਸ ਟਿਊਮਰ ਨਾਲ ਉਸ ਦੇ ਹੇਠਲੇ ਜਬਾੜੇ ਦਾ ਸੱਜਾ ਹਿੱਸਾ ਬੇਢੰਗਾ ਵੀ ਹੋ ਗਿਆ। ਬਿਆਨ ਮੁਤਾਬਕ ਫੋਰਟਿਸ ਹਸਪਤਾਲ ਦੇ ਡਾਕਟਰਾਂ ਦੀ ਇਕ ਟੀਮ ਨੇ ਇਸ ਦੁਰਲੱਭ ਟਿਊਮਰ ਦਾ ਇਲਾਜ ਕਰਨ ਲਈ ਸਰਜਰੀ ਕੀਤੀ ਅਤੇ 3 ਸਾਲ ਦੇ ਅੰਤਰਾਲ ਤੋਂ ਬਾਅਦ ਉਸ ਨੂੰ ਠੀਕ ਢੰਗ ਨਾਲ ਖਾਣਾ ਖਾਣ 'ਚ ਮਦਦ ਪਹੁੰਚਾਈ। ਡਾਕਟਰਾਂ ਮੁਤਾਬਕ ਜਦੋਂ ਇਸ ਮਹਿਲਾ ਮਰੀਜ਼ ਨੂੰ ਹਸਪਤਾਲ ਲਿਆਂਦਾ ਗਿਆ ਸੀ ਤਾਂ ਉਸ ਦਾ ਟਿਊਮਰ ਹਟਾਉਣ ਅਤੇ ਉਸ ਦੇ ਵਿਗੜੇ ਜਬਾੜੇ ਨੂੰ ਸੁਧਾਰਨ ਲਈ ਇਕ ਇਲਾਜ ਯੋਜਨਾ ਬਣਾਈ ਗਈ, ਤਾਂ ਕਿ ਦੰਦ ਲਾਉਣ ਸੰੰਬੰਧੀ ਕੰਮ ਨੂੰ ਕੀਤਾ ਜਾ ਸਕੇ। ਹੁਣ ਇਲਾਜ ਤੋਂ ਬਾਅਦ ਉਹ ਬਿਲਕੁੱਲ ਠੀਕ ਹੈ ਅਤੇ ਆਸਾਨੀ ਨਾਲ ਖਾ ਸਕਦੀ ਹੈ।


author

Tanu

Content Editor

Related News