OpenAI ਦਾ ਵੱਡਾ ਦਾਅਵਾ, ਇਜ਼ਰਾਈਲੀ ਕੰਪਨੀ ਨੇ ਲੋਕ ਸਭਾ ਚੋਣਾਂ ਪ੍ਰਭਾਵਿਤ ਕਰਨ ਦੀ ਕੀਤੀ ਕੋਸ਼ਿਸ਼

05/31/2024 11:02:46 PM

ਨਵੀਂ ਦਿੱਲੀ- ਚੈਟਜੀਪੀਟੀ ਨੂੰ ਤਿਆਰ ਕਰਨ ਵਾਲੀ ਕੰਪਨੀ ਓਪਨ ਏ.ਆਈ. ਨੇ ਭਾਰਤ ਦੀਆਂ ਲੋਕ ਸਭਾ ਚੋਣਾਂ 'ਚ ਵਿਦੇਸ਼ੀ ਦਖ਼ਲ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਓਪਨ ਏ.ਆਈ. ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਦੀ ਇਕ ਕੰਪਨੀ ਨੇ ਭਾਰਤ 'ਚ ਲੋਕ ਸਭਾ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। 

AI ਰਾਹੀਂ ਇਸ ਤਰ੍ਹਾਂ ਕੀਤੀ ਚੋਣਾਂ ਪ੍ਰਭਾਵਿਤ ਕਰਨ ਦੀ ਕੋਸ਼ਿਸ਼

ਮੀਡੀਆ ਰਿਪੋਰਟਾਂ ਮੁਤਾਬਕ, ਇਜ਼ਰਾਈਲੀ ਕੰਪਨੀ STOIC ਨੇ ਏ.ਆਈ. ਦੀ ਮਦਦ ਨਾਲ ਕਾਲਪਨਿਕ ਯੂਜ਼ਰ ਅਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਬਾਇਓ ਬਣਾਏ। ਇਨ੍ਹਾਂ ਕਾਲਪਨਿਕ ਵਿਅਕਤੀਆਂ ਦੇ ਸੋਸ਼ਲ ਮੀਡੀਆ ਹੈਂਡਲ ਤੋਂ ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਕੀਤੀਆਂ ਗਈਆਂ। ਇਸ ਤੋਂ ਬਾਅਦ ਕਈ ਫਰਜ਼ੀ ਅਕਾਊਂਟ ਵੀ ਬਣਾਏ ਗਏ। ਇਨ੍ਹਾਂ ਫਰਜ਼ੀ ਅਕਾਊਂਟ ਰਾਹੀਂ ਸੋਸ਼ਲ ਮੀਡੀਆ ਪੋਸਟਾਂ 'ਤੇ ਕੁਮੈਂਟ ਕਰਵਾਏ ਗਏ ਤਾਂ ਜੋ ਸੰਵਾਦ ਯਾਨੀ ਸ਼ਮੂਲੀਅਤ ਅਸਲੀ ਲੱਗੇ। ਓਪਨ ਏ.ਆਈ. ਦੀ ਰਿਪੋਰਟ ਮੁਤਾਬਕ, ਇਸ ਕੰਪਨੀ ਨੇ ਭਾਜਪਾ ਖਿਲਾਫ ਅਤੇ ਵਿਰੋਧੀ ਧਿਰ ਦੇ ਸਮਰਥਨ 'ਚ ਸਮੱਗਰੀ ਪ੍ਰਸਾਰਿਤ ਕਰਨ ਦੀ ਕੋਸ਼ਿਸ਼ ਕੀਤੀ।

ਇੰਝ ਤਿਆਰ ਕੀਤਾ ਗਿਆ ਪੂਰਾ ਨੈੱਟਵਰਕ

ਆਓ ਹੁਣ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਹ ਨੈੱਟਵਰਕ ਕਿਵੇਂ ਚਲਾਇਆ ਗਿਆ ਸੀ। ਦਰਅਸਲ, OpenAI ਨੇ ਆਪਣੀ ਵੈੱਬਸਾਈਟ 'ਤੇ ਇਕ ਰਿਪੋਰਟ ਸ਼ੇਅਰ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਕ ਇਜ਼ਰਾਈਲੀ ਕੰਪਨੀ STOIC ਨੇ ਗਾਜ਼ਾ ਜੰਗ ਅਤੇ ਭਾਰਤ ਵਿਚ ਆਮ ਚੋਣਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕੁਝ ਫਰਜ਼ੀ ਖਾਤੇ ਬਣਾਏ ਹਨ। ਰਿਪੋਰਟ ਮੁਤਾਬਕ ਇਨ੍ਹਾਂ ਫਰਜ਼ੀ ਖਾਤਿਆਂ ਨੇ ਮਈ 'ਚ ਭਾਰਤ 'ਤੇ ਆਧਾਰਿਤ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਇਨ੍ਹਾਂ ਵਿਚ ਸੱਤਾਧਾਰੀ ਪਾਰਟੀ ਦੀ ਆਲੋਚਨਾ ਕੀਤੀ ਗਈ ਅਤੇ ਵਿਰੋਧੀ ਧਿਰ ਦੀ ਤਾਰੀਫ ਹੋਈ। ਰਿਪੋਰਟ ਮੁਤਾਬਕ ਭਾਰਤ 'ਚ ਲੋਕ ਸਭਾ ਚੋਣਾਂ 'ਤੇ ਆਧਾਰਿਤ ਕੁਝ ਗਤੀਵਿਧੀਆਂ ਮਈ 'ਚ ਸ਼ੁਰੂ ਕੀਤੀਆਂ ਗਈਆਂ ਸਨ। ਹਾਲਾਂਕਿ, ਇਨ੍ਹਾਂ ਗਤੀਵਿਧੀਆਂ ਦਾ ਪਤਾ ਲਗਾਇਆ ਗਿਆ ਅਤੇ 24 ਘੰਟਿਆਂ ਦੇ ਅੰਦਰ ਬੰਦ ਕਰ ਦਿੱਤਾ ਗਿਆ। ਓਪਨ ਏ.ਆਈ. ਦਾ ਕਹਿਣਾ ਹੈ ਕਿ ਇਜ਼ਰਾਈਲ ਤੋਂ ਸੰਚਾਲਿਤ ਕੀਤੇ ਜਾ ਰਹੇ ਅਜਿਹੇ ਕਈ ਸੋਸ਼ਲ ਮੀਡੀਆ ਖਾਤਿਆਂ 'ਤੇ ਪਾਬੰਦੀ ਲਗਾਈ ਗਈ। ਫੇਸਬੁੱਕ, ਇੰਸਟਾਗ੍ਰਾਮ ਐਕਸ ਅਤੇ ਯੂਟਿਊਬ 'ਤੇ ਇਹ ਸਾਰੇ ਖਾਤੇ ਬਣਾਏ ਗਏ ਸਨ। ਭਾਰਤ ਵਿੱਚ ਲੋਕ ਸਭਾ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਇਨ੍ਹਾਂ ਖਾਤਿਆਂ ਰਾਹੀਂ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਗਈਆਂ।

OpenAI ਦਾ 'ਆਪਰੇਸ਼ਨ ਜ਼ੀਰੋ ਜ਼ੇਨੋ'

OpenAI ਨੇ ਇਹ ਵੀ ਕਿਹਾ ਕਿ ਅਸੀਂ ਸੁਰੱਖਿਅਤ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਨੂੰ ਵਿਕਸਤ ਕਰਨ ਲਈ ਵਚਨਬੱਧ ਹਾਂ ਅਤੇ ਸੁਰੱਖਿਅਤ ਏ.ਆਈ. ਤਿਆਰ ਕਰਨਾ ਹੀ ਓਪਨ ਏ.ਆਈ. ਦਾ ਉਦੇਸ਼ ਹੈ। ਅਸੀਂ ਅਜਿਹੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਵਚਨਬੱਧ ਹਾਂ ਜੋ ਏ.ਆਈ. ਦੀ ਦੁਰਵਰਤੋਂ ਨੂੰ ਰੋਕਦੀਆਂ ਹਨ। ਓਪਨ ਏ.ਆਈ. ਨੇ ਇਹ ਵੀ ਕਿਹਾ ਕਿ ਇਸ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਅਜਿਹੇ ਪੰਜ ਆਈ.ਓ. (influence operations) ਦਾ ਪਤਾ ਲਗਾਇਆ ਹੈ ਅਤੇ ਉਨ੍ਹਾਂ 'ਤੇ ਪਾਬੰਦੀ ਲਗਾਈ ਹੈ ਜੋ ਇੰਟਰਨੈੱਟ 'ਤੇ ਗਲਤ ਜਾਣਕਾਰੀ ਫੈਲਾ ਰਹੇ ਸਨ। ਇਸੇ ਤਰ੍ਹਾਂ ਦੀ ਕਾਰਵਾਈ ਇਜ਼ਰਾਈਲੀ ਕੰਪਨੀ STOIC ਦੇ ਖਿਲਾਫ ਵੀ ਕੀਤੀ ਗਈ ਸੀ। ਓਪਨ.ਏ.ਆਈ. ਨੇ ਇਸ ਮੁਹਿੰਮ ਨੂੰ 'ਆਪ੍ਰੇਸ਼ਨ ਜ਼ੀਰੋ ਜ਼ੇਨੋ' ਦਾ ਨਾਮ ਦਿੱਤਾ ਹੈ।


Rakesh

Content Editor

Related News