ਕਸ਼ਮੀਰ ਦੇ ਹਸਪਤਾਲਾਂ ''ਚ ਮੁੜ ਸ਼ੁਰੂ ਹੋਈਆਂ ਓ.ਪੀ.ਡੀ ਅਤੇ ਸਰਜਰੀ ਸੇਵਾਵਾਂ
Friday, Jul 09, 2021 - 06:47 PM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਕੋਰੋਨਾ ਦੇ ਮਾਮਲਿਆਂ 'ਚ ਕਮੀ ਨੂੰ ਦੇਖਦੇ ਹੋਏ ਘਾਟੀ ਦੇ ਹਸਪਤਾਲਾਂ 'ਚ ਓ.ਪੀ.ਡੀ., ਸਰਜਰੀ ਅਤੇ ਹੋਰ ਸਿਹਤ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਹੈ। ਕਸ਼ਮੀਰ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਨੇ ਜਾਰੀ ਆਪਣੇ ਆਦੇਸ਼ 'ਚ ਕਿਹਾ ਕਿ ਹਸਪਤਾਲਾਂ 'ਚ ਦਾਖ਼ਲ ਹੋਣ ਵਾਲੇ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਕਾਫ਼ੀ ਕਮੀ ਆਈ ਹੈ, ਕਿਉਂਕਿ ਸ਼੍ਰੀਨਗਰ 'ਚ ਇਕ ਡੀ.ਆਰ.ਡੀ.ਓ. ਹਸਪਤਾਲ ਕੋਰੋਨਾ ਪੀੜਤ ਰੋਗੀਆਂ ਲਈ ਹੈ। ਡਾਇਰੈਕਟੋਰੇਟ ਨੇ ਸਾਰੇ ਮੁੱਖ ਮੈਡੀਕਲ ਅਧਿਕਾਰੀਆਂ, ਮੈਡੀਕਲ ਸੁਪਰਡੈਂਟਾਂ ਅਤੇ ਬਲਾਕ ਮੈਡੀਕਲ ਅਧਿਕਾਰੀਆਂ ਨੂੰ ਓ.ਪੀ.ਡੀ., ਸਰਜਰੀ ਅਤੇ ਹੋਰ ਨਿਯਮਿਤ ਸਿਹਤ ਸਹੂਲਤਾਂ ਦੀਆਂ ਸੇਵਾਵਾਂ ਨੂੰ ਮੁੜ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।
ਡਾਇਰੈਕਟੋਰੇਟ ਨੇ ਹਾਲਾਂਕਿ ਆਪਣੇ ਆਦੇਸ਼ 'ਚ ਕਿਹਾ ਹੈ ਕਿ ਇਸਤਰੀ ਰੋਗ, ਡਿਲਿਵਰੀ ਅਤੇ ਬਾਲ ਰੋਗ ਸਮੇਤ ਐਮਰਜੈਂਸੀ ਰੋਗੀਆਂ ਲਈ ਆਕਸੀਜਨ ਯੁਕਤ ਬਿਸਤਰ ਉਪਲੱਬਧ ਕਰਵਾਏ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਸਾਰੇ ਕੋਰੋਨਾ ਸੰਬੰਧਤ ਮਾਨਕ ਸੰਚਾਲਨ ਪ੍ਰਕਿਰਿਆਵਾਂ (ਐੱਸ.ਓ.ਪੀ.) ਦਾ ਪੂਰੀ ਤਰ੍ਹਾਂ ਨਾਲ ਪਾਲਣ ਕੀਤਾ ਜਾਣਾ ਚਾਹੀਦਾ। ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਕਸ਼ਮੀਰ 'ਚ ਹਸਪਤਾਲ 'ਚ ਓ.ਪੀ.ਡੀ. ਅਤੇ ਕੁਝ ਹੋਰ ਸੇਵਾਵਾਂ ਬੰਦ ਕਰਨ ਦਾ ਆਦੇਸ਼ ਦਿੱਤਾ ਸੀ।