ਦਿੱਲੀ ਸਰਕਾਰ ਦੇ ਸਜ਼ਾ ''ਚ ਛੋਟ ਸੰਬੰਧੀ ਆਦੇਸ਼ ਤੋਂ ਬਾਅਦ ਰਿਹਾਅ ਹੋਏ ਓਮ ਪ੍ਰਕਾਸ਼ ਚੌਟਾਲਾ

06/23/2021 5:33:27 PM

ਨਵੀਂ ਦਿੱਲੀ- ਅਧਿਆਪਕ ਭਰਤੀ ਘਪਲਾ ਮਾਮਲੇ 'ਚ 10 ਸਾਲ ਕੈਦ ਦੀ ਸਜ਼ਾ ਕੱਟ ਰਹੇ ਅਤੇ ਫਿਲਹਾਲ ਪੈਰੋਲ 'ਤੇ ਬਾਹਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਤਿਹਾੜ ਜੇਲ੍ਹ ਤੋਂ ਰਿਹਾਅ ਕਰ ਦਿੱਤੇ ਜਾਣ, ਕਿਉਂਕਿ ਦਿੱਲੀ ਸਰਕਾਰ ਨੇ ਸਜ਼ਾ 6 ਮਹੀਨੇ ਘੱਟ ਕਰਨ ਦੀ ਛੋਟ ਦਿੱਤੀ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿੱਲੀ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਜੇਲ੍ਹਾਂ 'ਚੋਂ ਭੀੜ ਘੱਟ ਕਰਨ ਲਈ ਸੋਮਵਾਰ ਨੂੰ ਇਕ ਆਦੇਸ਼ ਪਾਸ ਕਰ ਕੇ 10 ਸਾਲ ਦੀ ਸਜ਼ਾ 'ਚੋਂ ਸਾਢੇ 9 ਸਾਲ ਦੀ ਸਜ਼ਾ ਕੱਟ ਚੁਕੇ ਕੈਦੀਆਂ ਨੂੰ 6 ਮਹੀਨੇ ਦੀ ਵਿਸ਼ੇਸ਼ ਛੋਟ ਦਿੱਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕਿਉਂਕਿ 86 ਸਾਲਾ ਚੌਟਾਲਾ ਪਹਿਲਾਂ ਹੀ 9 ਸਾਲ 9 ਮਹੀਨੇ ਦੀ ਸਜ਼ਾ ਕੱਟ ਚੁਕੇ ਹਨ, ਇਸ ਲਈ ਉਹ ਜੇਲ੍ਹ ਤੋਂ ਰਿਹਾਅ ਹੋਣ ਦੇ ਯੋਗ ਹਨ। ਜੇਲ੍ਹ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਚੌਟਾਲਾ ਨੂੰ 16 ਜਨਵਰੀ 2013 ਨੂੰ ਜੇਲ੍ਹ ਹੋਈ ਸੀ। ਕੋਰੋਨਾ ਮਹਾਮਾਰੀ ਕਾਰਨ ਉਹ 26 ਮਾਰਚ 2020 ਤੋਂ ਐਮਰਜੈਂਸੀ ਪੈਰੋਲ 'ਤੇ ਹਨ ਅਤੇ ਉਨ੍ਹਾਂ ਨੇ 21 ਫਰਵਰੀ 2021 ਨੂੰ ਆਤਮਸਮਰਪਣ ਕਰਨਾ ਸੀ। ਹਾਲਾਂਕਿ ਉਨ੍ਹਾਂ ਦੀ ਪੈਰੋਲ ਦੀ ਮਿਆਦ ਹਾਈ ਕੋਰਟ ਨੇ ਵਧਾ ਦਿੱਤੀ ਸੀ।''

ਅਧਿਕਾਰੀ ਨੇ ਦੱਸਿਆ ਕਿ 21 ਫਰਵਰੀ ਨੂੰ, ਉਨ੍ਹਾਂ ਨੂੰ ਜੇਲ੍ਹ ਚ 2 ਮਹੀਨੇ ਅਤੇ 27 ਦਿਨਾਂ ਦਾ ਹੋਰ ਸਮਾਂ ਬਿਤਾਉਣਾ ਸੀ, ਜਿਸ ਨੂੰ ਹੁਣ ਛੋਟ ਦੇ ਅਧੀਨ ਮੰਨਿਆ ਜਾਵੇਗਾ। ਉਨ੍ਹਾਂ ਨੂੰ ਰਸਮੀ ਤੌਰ 'ਤੇ ਰਿਹਾਅ ਕੀਤਾ ਜਾਵੇਗਾ, ਉਦੋਂ ਉਹ ਜੇਲ੍ਹ ਦੇ ਅਧਿਕਾਰੀਆਂ ਸਾਹਮਣੇ ਆਤਮਸਮਰਪਣ ਕਰਨਗੇ। ਦਿੱਲੀ ਸਰਕਾਰ ਨੇ 10 ਸਾਲ ਦੀ ਸਜ਼ਾ ਪ੍ਰਾਪਤ ਦੋਸ਼ੀਆਂ, ਜਿਨ੍ਹਾਂ ਨੇ ਹਿਰਾਸਤ 'ਚ 9 ਸਾਲ 6 ਮਹੀਨੇ ਦਾ ਸਮਾਂ ਪੂਰਾ ਕਰ ਲਿਆ ਹੈ, ਉਨ੍ਹਾਂ ਨੂੰ ਸਜ਼ਾ 'ਚ 6 ਮਹੀਨੇ ਦੀ ਛੋਟ ਦੇਣ ਨੂੰ ਲੈ ਕੇ ਇਕ ਆਦੇਸ਼ ਪਾਸ ਕੀਤਾ ਸੀ, ਜਿਸ 'ਚ ਨਿਯਮਿਤ ਛੋਟ ਵੀ ਸ਼ਾਮਲ ਹੈ। ਆਦੇਸ਼ 'ਚ ਕਿਹਾ ਗਿਆ,''ਅਜਿਹੇ ਦੋਸ਼ੀ, ਜਿਨ੍ਹਾਂ ਨੂੰ 7 ਸਾਲ ਜਾਂ ਉਸ ਤੋਂ ਵੱਧ ਪਰ 10 ਸਾਲ ਤੋਂ ਘੱਟ ਦੀ ਸਜ਼ਾ ਦਿੱਤੀ ਗਈ ਹੈ ਅਤੇ ਜਿਨ੍ਹਾਂ ਦੀ ਸਜ਼ਾ ਪੂਰੀ ਹੋਣ 'ਚ ਹੁਣ ਸਿਰਫ਼ 5 ਮਹੀਨੇ ਦਾ ਸਮਾਂ ਬਚਿਆ ਹੈ, ਉਨ੍ਹਾਂ ਨੂੰ 5 ਮਹੀਨੇ ਦੀ ਛੋਟ ਮਿਲੇਗੀ। ਇਸੇ ਤਰ੍ਹਾਂ 3 ਸਾਲ ਦੀ ਸਜ਼ਾ ਪ੍ਰਾਪਤ ਕੈਦੀਆਂ ਨੂੰ 3 ਮਹੀਨੇ ਦੀ ਅਤੇ ਇਕ ਸਾਲ ਤੋਂ ਵੱਧ ਪਰ ਤਿੰਨ ਸਾਲ ਤੋਂ ਘੱਟ ਦੀ ਸਜ਼ਾ ਪਾਉਣ ਵਾਲਿਆਂ ਨੂੰ 2 ਮਹੀਨਿਆਂ ਦੀ ਛੋਟ ਦਿੱਤੀ ਗਈ ਹੈ। ਓ.ਪੀ. ਚੌਟਾਲਾ, ਉਨ੍ਹਾਂ ਦੇ ਪੁੱਤਰ ਅਜੇ ਚੌਟਾਲਾ ਅਤੇ ਆਈ.ਏ.ਐੱਸ. ਅਧਿਕਾਰੀ ਸੰਜੀਵ ਕੁਮਾਰ ਸਮੇਤ 53 ਹੋਰ ਨੂੰ 2000 'ਚ 3,2016 ਜੂਨੀਅਰ ਬੇਸਿਕ ਅਧਿਆਪਕਾਂ (ਜੇ.ਬੀ.ਟੀ.) ਦੀ ਗੈਰ-ਕਾਨੂੰਨੀ ਭਰਤੀ ਦੇ ਮਾਮਲੇ 'ਚ ਦੋਸ਼ੀ ਠਹਿਰਾ ਕੇ ਸਜ਼ਾ ਸੁਣਾਈ ਗਈ ਸੀ।


DIsha

Content Editor

Related News