ਸਕੂਲ ''ਚ ਸਿਰਫ ਇਕ ਵਿਦਿਆਰਥੀ, ਜਾਨ ਜ਼ੋਖਮ ''ਚ ਪਾ ਕੇ ਪੜ੍ਹਾਉਣ ਆਉਂਦਾ ਹੈ ਟੀਚਰ

Sunday, Mar 25, 2018 - 10:56 AM (IST)

ਨਾਗਪੁਰ— ਮਹਾਰਾਸ਼ਟਰ ਦੇ ਨਾਗਪੁਰ ਵਾਸੀ 29 ਸਾਲਾ ਰਜਨੀਕਾਂਤ ਮੇਂਢੇ ਇਕ ਸਰਕਾਰੀ ਸਕੂਲ ਦੇ ਅਧਿਆਪਕ ਹਨ ਪਰ ਹਰ ਰੋਜ਼ ਉਹ ਜਾਨ ਜ਼ੋਖਮ 'ਚ ਪਾ ਕੇ ਸਿਰਫ ਇਕ ਵਿਦਿਆਰਥੀ ਲਈ ਡਿਊਟੀ 'ਤੇ ਪੁੱਜਦੇ ਹਨ। ਦਰਅਸਲ ਰਜਨੀਕਾਂਤ ਜਿਸ ਸਕੂਲ ਦੇ ਅਧਿਆਪਕ ਹਨ, ਉਹ ਮਹਾਰਾਸ਼ਟਰ ਦੇ ਭੋਰ ਦੇ ਚੰਦਰ ਪਿੰਡ 'ਚ ਸਥਿਤ ਹੈ। ਜਿੱਥੇ ਸਿਰਫ ਇਕ ਹੀ ਵਿਦਿਆਰਥੀ ਪੜ੍ਹਨ ਆਉਂਦਾ ਹੈ। ਇਸ ਲਈ ਉਨ੍ਹਾਂ ਨੂੰ 50 ਕਿਲੋਮੀਟਰ ਦਾ ਸਫ਼ਰ ਹਰ ਦਿਨ ਤੈਅ ਕਰਨਾ ਪੈਂਦਾ ਹੈ। ਪਿੰਡ ਦੇ ਅੰਦਰ ਜਾਣ ਲਈ ਰਜਨੀਕਾਂਤ ਨੂੰ ਹਰ ਰੋਜ਼ ਹਾਈਵੇਅ ਤੋਂ 12 ਕਿਲੋਮੀਟਰ ਤੱਕ ਬਾਈਕ ਚਲਾਉਣੀ ਹੁੰਦੀ ਹੈ ਅਤੇ ਰਸਤਾ ਵੀ ਚਾਰੇ ਪਾਸੇ ਪਹਾੜੀ, ਦੋਹਾਂ ਪਾਸੇ 400 ਫੁੱਟ ਡੂੰਘੀ ਖੱਡ ਅਤੇ ਵਿਚੋਂ ਨਿਕਲਿਆ ਉੱਬੜ-ਖਾਬੜ, ਮਿੱਟੀ-ਧੂੜ ਨਾਲ ਭਰਿਆ ਹੋਇਆ ਹੈ। ਪੁਣੇ ਤੋਂ ਕਰੀਬ 100 ਕਿਲੋਮੀਟਰ ਦੂਰ ਇਸ ਪਿੰਡ 'ਚ 15 ਝੌਂਪੜੀਆਂ ਬਣੀਆਂ ਹਨ, ਜਿੱਥੇ ਕਰੀਬ 60 ਲੋਕ ਰਹਿੰਦੇ ਹਨ। ਪਿਛਲੇ 2 ਸਾਲਾਂ ਤੋਂ ਪਿੰਡ ਦੇ ਰਹਿਣ ਵਾਲੇ 8 ਸਾਲ ਦੇ ਯੁਵਰਾਜ ਸਾਂਗਲੇ ਪਿੰਡ ਦੇ ਸਕੂਲ 'ਚ ਇਕਮਾਤਰ ਵਿਦਿਆਰਥੀ ਹਨ। ਸਕੂਲ ਪੁੱਜ ਕੇ ਮੇਂਢੇ ਦਾ ਪਹਿਲਾ ਕੰਮ ਆਪਣੇ ਵਿਦਿਆਰਥੀ ਨੂੰ ਲੱਭਣਾ ਹੁੰਦਾ ਹੈ। ਉਹ ਦੱਸਦੇ ਹਨ,''ਉਹ ਹਮੇਸ਼ਾ ਦਰੱਖਤ 'ਚ ਲੁੱਕ ਜਾਂਦਾ ਹੈ। ਕਈ ਵਾਰ ਮੈਨੂੰ ਉਸ ਨੂੰ ਦਰੱਖਤ ਤੋਂ ਉਤਾਰ ਕੇ ਲਿਆਉਣਾ ਪੈਂਦਾ ਹੈ। ਮੈਂ ਉਸ ਦੀ ਸਕੂਲ ਲਈ ਰੂਚੀ ਨੂੰ ਸਮਝ ਸਕਦਾ ਹਾਂ। ਦਰਅਸਲ ਉਹ ਆਪਣੇ ਦੋਸਤਾਂ ਦੇ ਬਿਨਾਂ ਇਕੱਲੇ ਹੀ ਸਕੂਲ ਪੜ੍ਹਨ ਆਉਂਦਾ ਹੈ।'' ਇਹ ਪਿੰਡ ਸੰਸਦ ਮੈਂਬਰ ਸੁਪ੍ਰਿਆ ਸੂਲੇ ਦਾ ਖੇਤਰ ਹੈ ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਇੱਥੇ ਕਦੇ ਨਹੀਂ ਆਈ।PunjabKesari
ਰਜਨੀਕਾਂਤ ਨਾਗਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਦੱਸਿਆ ਕਿ ਜਦੋਂ 8 ਸਾਲ ਪਹਿਲਾਂ ਉਨ੍ਹਾਂ ਨੇ ਪੜ੍ਹਾਉਣਾ ਸ਼ੁਰੂ ਕੀਤਾ ਸੀ ਤਾਂ ਇੱਥੇ ਕਰੀਬ 11 ਬੱਚੇ ਪੜ੍ਹਨ ਆਉਂਦੇ ਸਨ। ਉਹ ਪੜ੍ਹਨ 'ਚ ਚੰਗੇ ਸਨ ਪਰ ਉੱਚ ਸਿੱਖਿਆ ਦੀ ਸਹੂਲਤ ਇੱਥੋਂ 12 ਕਿਲੋਮੀਟਰ ਦੂਰ ਮਨਗਾਓਂ 'ਚ ਹੋਣ ਕਾਰਨ ਉਨ੍ਹਾਂ ਨੇ ਸਕੂਲ ਛੱਡ ਦਿੱਤਾ। ਉਹ ਅੱਗੇ ਕਹਿੰਦੇ ਹਨ,''ਕਈ ਲੜਕੀਆਂ ਨੂੰ ਖੇਤਾਂ ਅਤੇ ਫੈਕਟਰੀ 'ਚ ਮਜ਼ਦੂਰੀ ਲਈ ਗੁਜਰਾਤ ਭੇਜ ਦਿੱਤਾ ਗਿਆ। ਮੈਂ ਉਨ੍ਹਾਂ ਦੇ ਮਾਤਾ-ਪਿਤਾ ਤੋਂ ਵਾਰ-ਵਾਰ ਬੱਚਿਆਂ ਨੂੰ ਮਜ਼ਦੂਰੀ ਨਾ ਕਰਵਾਉਣ ਅਤੇ ਸਕੂਲ 'ਚ ਪੜ੍ਹਾਉਣ ਦੀ ਸਿਫਾਰਿਸ਼ ਕੀਤੀ ਪਰ ਇਕ ਨਹੀਂ ਸੁਣੀ ਗਈ।'' ਚੰਦਰ ਪਿੰਡ 'ਚ ਇਹ ਸਕੂਲ 1985 'ਚ ਬਣਿਆ ਸੀ। ਕੁਝ ਸਾਲ ਪਹਿਲਾਂ ਤੱਕ ਇੱਥੇ ਛੱਤ ਦੇ ਬਿਨਾਂ ਸਿਰਫ ਚਾਰਦੀਵਾਰੀ ਹੀ ਸੀ। ਛੱਤ ਨੂੰ ਢੱਕਣ ਲਈ ਟੀਨਸ਼ੈੱਡ ਲੱਗਾ ਦਿੱਤਾ ਗਿਆ ਸੀ। ਰਜਨੀਕਾਂਤ ਨੇ ਦੱਸਿਆ,''ਇਕ ਵਾਰ ਇਕ ਸੱਪ ਸਕੂਲ ਦੀ ਛੱਤ ਤੋਂ ਮੇਰੇ ਉੱਪਰ ਡਿੱਗ ਗਿਆ ਸੀ। ਇਸ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਹੀ ਮੈਂ ਮਿੱਟੀ ਵਾਲੇ ਰਸਤੇ 'ਤੇ ਬਾਈਕ ਚਲਾਉਂਦੇ ਸਮੇਂ ਸੱਪ 'ਤੇ ਡਿੱਗ ਗਿਆ ਸੀ। ਮੈਨੂੰ ਨਹੀਂ ਲੱਗਦਾ ਕਿ ਹੁਣ ਤੀਜੀ ਵਾਰ ਮੈਂ ਬਚ ਸਕਾਂਗਾ।''
ਇਸ ਅਧਿਆਪਕ ਦਾ ਸਿੱਖਿਆ ਦੇ ਪ੍ਰਤੀ ਜੋ ਉਤਸ਼ਾਹ ਅਤੇ ਜੋਸ਼ ਹੈ, ਉਸ ਨੂੰ ਸਲਾਹ ਕਰਨ ਦੀ ਲੋੜ ਹੈ। ਪਿੰਡ 'ਚ ਬਿਜਲੀ ਨਾ ਹੁੰਦੇ ਹੋਏ ਵੀ ਉਨ੍ਹਾਂ ਨੇ ਸਕੂਲ 'ਚ ਕੁਝ ਤਾਰਾਂ ਨੂੰ ਇਸਤੇਮਾਲ ਕਰ ਕੇ ਇਕ ਛੋਟਾ ਟੀ.ਵੀ. ਸੈੱਟ ਲਗਾਇਆ ਅਤੇ ਆਪਣੇ ਇਕ ਮਾਤਰ ਵਿਦਿਆਰਥੀ ਨੂੰ ਈ-ਲਰਨਿੰਗ ਦੀ ਸਹੂਲਤ ਦਿੱਤੀ। ਉਨ੍ਹਾਂ ਨੇ ਦੱਸਿਆ,''2 ਸਾਲ ਪਹਿਲਾਂ ਪਿੰਡ ਦੇ ਅਧਿਕਾਰੀਆਂ ਨੇ ਸਾਨੂੰ 12 ਵੋਲਟ ਦਾ ਸੋਲਰ ਪੈਨਲ ਦਿੱਤਾ ਸੀ। ਮੈਂ ਇਸ ਨੂੰ ਟੀ.ਵੀ. ਚਲਾਉਣ 'ਚ ਇਸਤੇਮਾਲ ਕਰਦਾ ਹਾਂ। ਮੈਂ ਯੁਵਰਾਜ ਦਾ ਪੜ੍ਹਾਈ 'ਚ ਉਤਸ਼ਾਹ ਜਗਾਉਣ ਲਈ 2 ਟੈਬਲੇਟ ਵੀ ਖਰੀਦ ਕੇ ਦਿੱਤੇ।'' ਰਜਨੀਕਾਂਤ ਕਹਿੰਦੇ ਹਨ,''ਦੂਜੇ ਬੱਚੇ ਆਪਣੀ ਉਮਰ ਦੇ ਬੱਚਿਆਂ ਨਾਲ ਸਕੂਲ 'ਚ ਸਿੱਖਦੇ ਹਨ ਅਤੇ ਖੇਡਦੇ ਹਨ ਪਰ ਯੁਵਰਾਜ ਨਾਲ ਸਿਰਫ ਮੈਂ ਹੀ ਹਾਂ। ਉਸ ਲਈ ਸਕੂਲ ਖਾਲੀ ਡੈਸਕ ਦੇ ਨਾਲ ਚਾਰ ਕੰਧਾਂ ਬਣ ਗਿਆ ਹੈ।''


Related News