ਪਿਆਜ਼ ਦੀਆਂ ਕੀਮਤਾਂ 'ਤੇ ਕੱਸੇਗੀ ਲਗਾਮ, 5500 ਟਨ ਦਾ ਹੋ ਰਿਹੈ ਆਯਾਤ

Friday, Nov 08, 2019 - 11:40 AM (IST)

ਪਿਆਜ਼ ਦੀਆਂ ਕੀਮਤਾਂ 'ਤੇ ਕੱਸੇਗੀ ਲਗਾਮ, 5500 ਟਨ ਦਾ ਹੋ ਰਿਹੈ ਆਯਾਤ

ਨਵੀਂ ਦਿੱਲੀ — ਸੱਤਵੇਂ ਅਾਸਮਾਨ ’ਤੇ ਪੁੱਜੇ ਪਿਆਜ਼ ਦੇ ਮੁੱਲ ’ਤੇ ਲਗਾਮ ਲਾਉਣ ਲਈ ਸਰਕਾਰ ਤੇਜ਼ੀ ਨਾਲ ਦਰਾਮਦ ਰਾਹੀਂ ਸਪਲਾਈ ਵਧਾ ਰਹੀ ਹੈ। 2500 ਟਨ ਪਿਆਜ਼ ਜਿੱਥੇ ਬੰਦਰਗਾਹ ’ਤੇ ਪਹੁੰਚ ਚੁੱਕਾ ਹੈ, ਉਥੇ ਹੀ 3000 ਟਨ ਰਸਤੇ ’ਚ ਹੈ ਅਤੇ ਛੇਤੀ ਹੀ ਪ੍ਰਚੂਨ ਬਾਜ਼ਾਰ ’ਚ ਪਹੁੰਚ ਜਾਵੇਗਾ।

ਪਿਆਜ਼ ਦੀ ਕੀਮਤ 100 ਰੁਪਏ ਤੱਕ ਪਹੁੰਚ ਚੁੱਕੀ ਹੈ। ਖੇਤੀਬਾੜੀ ਮੰਤਰਾਲਾ ਦੇ ਸੂਤਰਾਂ ਨੇ ਕਿਹਾ ਕਿ 2500 ਟਨ ਪਿਆਜ਼ ਪਹਿਲਾਂ ਹੀ ਭਾਰਤੀ ਬੰਦਰਗਾਹਾਂ ’ਤੇ 80 ਕੰਟੇਨਰਾਂ ’ਚ ਪਹੁੰਚ ਚੁੱਕਾ ਹੈ, ਜਿਨ੍ਹਾਂ ’ਚੋਂ 70 ਕੰਟੇਨਰ ਮਿਸਰ ਤੋਂ ਅਤੇ 10 ਕੰਟੇਨਰ ਨੀਦਰਲੈਂਡ ਤੋਂ ਹਨ। ਹੋਰ 3000 ਟਨ ਪਿਆਜ਼ 100 ਕੰਟੇਨਰਾਂ ਰਾਹੀਂ ਆ ਰਿਹਾ ਹੈ, ਜਿਨ੍ਹਾਂ ਨੂੰ ਭਾਰਤੀ ਬੰਦਰਗਾਹਾਂ ਲਿਆਂਦਾ ਜਾ ਰਿਹਾ ਹੈ।

ਪਿਆਜ਼ ਦੀ ਸਪਲਾਈ ’ਚ ਕਮੀ ਦਾ ਕਾਰਣ ਬੇਮੌਸਮੀ ਬਾਰਿਸ਼ ਹੈ, ਜਿਸ ਨਾਲ ਇਸ ਸਾਲ 30 ਤੋਂ 40 ਫ਼ੀਸਦੀ ਉਤਪਾਦਨ ਪ੍ਰਭਾਵਿਤ ਹੋਇਆ ਹੈ। ਪਿਆਜ਼ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਤੋਂ ਟੱਪ ਗਈ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲਾ ਨੇ ਐਲਾਨ ਕੀਤਾ ਸੀ ਕਿ ਸਰਕਾਰ ਪਿਆਜ਼ ਦੀ ਦਰਾਮਦ ਅਤੇ ਇਸ ਪ੍ਰਕਿਰਿਆ ਨੂੰ ਸਹਿਜ ਬਣਾਉਣ ਲਈ ਸਹਾਇਤਾ ਕਰੇਗੀ ਅਤੇ ਦੂਜੇ ਦੇਸ਼ਾਂ ਤੋਂ ਛੇਤੀ ਸਪਲਾਈ ਯਕੀਨੀ ਕਰੇਗੀ। ਇਸ ਨੂੰ ਹਾਸਲ ਕਰਨ ਲਈ ਖੇਤੀਬਾੜੀ ਮੰਤਰਾਲਾ ਨੇ ਫਾਇਟੋਸੈਨੇਟਰੀ ਅਤੇ ਫਿਊਮਿਗੇਸ਼ਨ ਦੀਆਂ ਜ਼ਰੂਰਤਾਂ ਨੂੰ ਸਰਲ ਬਣਾਇਆ ਹੈ। ਅਫਗਾਨਿਸਤਾਨ, ਮਿਸਰ, ਤੁਰਕੀ ਅਤੇ ਈਰਾਨ ’ਚ ਭਾਰਤੀ ਮਿਸ਼ਨਾਂ ਨੂੰ ਭਾਰਤ ਨੂੰ ਪਿਆਜ਼ ਦੀ ਸਪਲਾਈ ਸੁਵਿਧਾਜਨਕ ਬਣਾਉਣ ਲਈ ਕਿਹਾ ਗਿਆ ਹੈ।


Related News