ਲੱਦਾਖ ’ਚ ONGC ਨੇ ਪੁੱਟਿਆ 1000 ਮੀਟਰ ਡੂੰਘਾ ਖੂਹ, ਭੂ-ਤਾਪੀ ਊਰਜਾ ’ਚ ਭਾਰਤ ਦੀ ਵੱਡੀ ਉਪਲੱਬਧੀ
Wednesday, May 27, 2026 - 12:29 AM (IST)
ਲੇਹ/ਜੰਮੂ, (ਉਦੈ)- ਵਿਗਿਆਨੀ ਦੇਸ਼ ਦੇ ਵਿਕਾਸ ਨੂੰ ਲੈ ਕੇ ਆਏ ਦਿਨ ਨਵੀਂਆਂ-ਨਵੀਂਆਂ ਉਪਲੱਬਧੀਆਂ ਹਾਸਲ ਕਰ ਰਹੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਿਕਾਊ ਅਤੇ ਬਦਲਵੇਂ ਊਰਜਾ ਵਿਕਾਸ ਨੂੰ ਠੋਸ ਰੂਪ ਦੇ ਰਹੇ ਹਨ। ਓ. ਐੱਨ. ਜੀ. ਸੀ. ਦੇ ਭੂ-ਵਿਗਿਆਨੀਆਂ ਨੇ ਬਰਫ਼ੀਲੇ ਰੇਗਿਸਤਾਨ ’ਚ ਭੂ-ਤਾਪੀ ਸਵੱਛ ਊਰਜਾ ਦੇ ਭਵਿੱਖ ਵੱਲ ਕਦਮ ਵਧਾਇਆ ਹੈ।
ਜਾਣਕਾਰੀ ਅਨੁਸਾਰ ਓ. ਐੱਨ. ਜੀ. ਸੀ. ਨੇ ਲੱਦਾਖ ਦੀ ਪੁਗਾ ਘਾਟੀ ’ਚ ਭਾਰਤ ਦਾ ਸਭ ਤੋਂ ਡੂੰਘਾ ਭੂ-ਤਾਪੀ (ਜੀਓ ਥਰਮਲ) ਖੂਹ ਪੁੱਟਣ ’ਚ ਇਤਿਹਾਸਕ ਉਪਲੱਬਧੀ ਹਾਸਲ ਕੀਤੀ ਹੈ। ਬਹੁਤ ਜ਼ਿਆਦਾ ਉਚਾਈ ਅਤੇ ਕਠਿਨ ਭੂ-ਵਿਗਿਆਨਕ ਹਾਲਾਤ ਨੂੰ ਪਾਰ ਕਰਦੇ ਹੋਏ ਇਹ ਉਪਲੱਬਧੀ ਓ. ਐੱਨ. ਜੀ. ਸੀ. ਦੀ ਤਕਨੀਕੀ ਉੱਤਮਤਾ ਅਤੇ ਭਾਰਤ ਦੇ ਸਵੱਛ ਊਰਜਾ ਭਵਿੱਖ ਨੂੰ ਅੱਗੇ ਵਧਾਉਣ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਇਹ ਪਹਿਲ ਦੇਸ਼ ਦੀ ਭੂ-ਤਾਪੀ ਊਰਜਾ ਸਮਰੱਥਾ ਨੂੰ ਵਿਕਸਿਤ ਕਰਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਿਕਾਊ ਤੇ ਬਦਲਵੇਂ ਊਰਜਾ ਵਿਕਾਸ ਦੇ ਵਿਜ਼ਨ ਅਨੁਸਾਰ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਦਿਸ਼ਾ ’ਚ ਮਹੱਤਵਪੂਰਨ ਕਦਮ ਹੈ।
ਓ. ਐੱਨ. ਜੀ. ਸੀ. ਲੱਦਾਖ ਦੀ ਪੁਗਾ ਵੈਲੀ ’ਚ ਭੂ-ਤਾਪੀ ਸਮਰੱਥਾ ਨੂੰ ਵਿਕਸਿਤ ਕਰ ਰਿਹਾ ਹੈ। ਓ. ਐੱਨ. ਜੀ. ਸੀ. ਦੀਆਂ ਟੀਮਾਂ ਨੇ ਔਖੇ ਹਾਲਾਤ ’ਚ ਜਿੱਥੇ ਤਾਪਮਾਨ ਜ਼ੀਰੋ ਤੋਂ ਕਈ ਡਿਗਰੀ ਹੇਠਾਂ ਚਲਾ ਜਾਂਦਾ ਹੈ, 1,000 ਮੀਟਰ ਦੀ ਡੂੰਘਾਈ ਤੱਕ ਭਾਰਤ ਦਾ ਸਭ ਤੋਂ ਡੂੰਘਾ ਭੂ-ਤਾਪੀ ਖੂਹ ਸਫਲਤਾਪੂਰਵਕ ਪੁੱਟਿਆ ਹੈ, ਜਿਸ ਵਿਚ 4,400 ਮੀਟਰ ਤੋਂ ਵੱਧ ਉਚਾਈ ਵਾਲੇ ਪਹੁੰਚ ਤੋਂ ਬਾਹਰਲੇ ਖੇਤਰ ਅਤੇ ਗੁੰਝਲਦਾਰ ਭੂ-ਵਿਗਿਆਨਕ ਹਾਲਾਤ ਵਰਗੀਆਂ ਚੁਣੌਤੀਆਂ ਨੂੰ ਪਾਰ ਕੀਤਾ ਹੈ।
ਸਾਫ਼ ਤੇ ਟਿਕਾਊ ਊਰਜਾ ’ਚ ਨਵੇਂ ਯੁੱਗ ਦੀ ਸ਼ੁਰੂਆਤ
ਭਾਰਤੀ ਵਿਗਿਆਨੀਆਂ ਨੇ ਧਰਤੀ ਦੇ ਅੰਦਰ ਲੁਕੀ ਹੋਈ ਗਰਮੀ ਨੂੰ ਵਰਤ ਲਿਆ ਹੈ, ਜਿਸ ਨਾਲ ਸਾਫ਼ ਅਤੇ ਟਿਕਾਊ ਊਰਜਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਇਹ ਪ੍ਰਾਪਤੀ ਭਾਰਤ ਦੇ ਸਵੱਛ ਊਰਜਾ ਪਰਿਵਰਤਨ ਅਤੇ ਊਰਜਾ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਦੀ ਹੈ, ਕਿਉਂਕਿ ਓ. ਐੱਨ. ਜੀ. ਸੀ. ਹੁਣ ਇਕ ਪਾਇਲਟ ਭੂ-ਥਰਮਲ ਪਾਵਰ ਪਲਾਂਟ ਅਤੇ ਹੋਰ ਖੋਜ ਲਈ ਯੋਜਨਾਵਾਂ ਨੂੰ ਅੱਗੇ ਵਧਾ ਰਿਹਾ ਹੈ।
