ਗੁਰੂਗ੍ਰਾਮ ਦੇ ਹੋਟਲ ''ਚ ਗੀਜਰ ਦੀ ਗੈਸ ਨਾਲ ਦਮ ਘੁੱਟਣ ਕਾਰਨ ਵਿਅਕਤੀ ਦੀ ਮੌਤ
Monday, Feb 21, 2022 - 05:12 PM (IST)
ਗੁਰੂਗ੍ਰਾਮ (ਭਾਸ਼ਾ)- ਹਰਿਆਣਾ ਦੇ ਗੁਰੂਗ੍ਰਾਮ ਸਥਿਤ ਇਕ ਹੋਟਲ ਦੇ ਬਾਥਰੂਮ 'ਚ ਗੀਜਰ ਦੀ ਗੈਸ ਨਾਲ ਦਮ ਘੁੱਟਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਦੇ ਸਿਲਸਿਲੇ 'ਚ ਹੋਟਲ ਦੇ ਮਾਲਕ ਅਤੇ ਪ੍ਰਬੰਧਕ ਵਿਰੁੱਧ ਇਕ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਰਾਜਸਥਾਨ ਦੇ ਝੁੰਝੁਨੂੰ ਵਾਸੀ ਅਤੇ ਆਰਮੀ ਮੈਡੀਕਲ ਕੋਰ 'ਚ ਤਾਇਨਾਤ ਪੰਕਜ ਕੁਮਾਰ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਉਹ ਆਪਣੇ ਇਕ ਦੋਸਤ ਨਾਲ ਉਤਰਾਖੰਡ ਦੀ ਯਾਤਰਾ 'ਤੇ ਗਏ ਸਨ। ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਉਹ 14 ਫਰਵਰੀ ਨੂੰ ਦੇਹਰਾਦੂਨ ਪਹੁੰਚੇ ਅਤੇ ਮਸੂਰੀ, ਰੁਦਰਪ੍ਰਯਾਗ, ਸੋਨਪ੍ਰਯਾਗ, ਰਿਸ਼ੀਕੇਸ਼, ਹਰਿਦੁਆਰ ਅਤੇ ਦਿੱਲੀ ਘੁੰਮਣ ਤੋਂ ਬਾਅਦ ਉਹ 19 ਫਰਵਰੀ ਨੂੰ ਗੁਰੂਗ੍ਰਾਮ ਪਹੁੰਚੇ ਸਨ।
ਪੁਲਸ 'ਚ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਪੰਕਜ ਅਤੇ ਉਨ੍ਹਾਂ ਦੇ ਦੋਸਤ ਨੇ ਹੋਟਲ 'ਚ 2 ਕਮਰੇ ਬੁੱਕ ਕਰਵਾਏ। ਹੋਟਲ 'ਚ ਪੰਕਜ ਦਾ ਦੋਸਤ ਸਤਦੇਵ ਬਾਥਰੂਮ 'ਚ ਗਿਆ ਅਤੇ ਕਰੀਬ 25 ਮਿੰਟ ਬਾਅਦ ਵੀ ਬਾਹਰ ਨਹੀਂ ਨਿਕਲਿਆ ਅਤੇ ਨਾ ਹੀ ਬੁਲਾਉਣ 'ਤੇ ਕੋਈ ਜਵਾਬ ਦਿੱਤਾ। ਇਸ ਤੋਂ ਬਾਅਦ ਪੰਕਜ ਦੇ ਪ੍ਰਬੰਧਕ ਨਾਲ ਗੱਲ ਕੀਤੀ। ਪੁਲਸ ਨੇ ਦੱਸਿਆ ਕਿ ਬਾਥਰੂਮ ਦਾ ਦਰਵਾਜ਼ਾ ਤੋੜਨ 'ਤੇ ਸਤਦੇਵ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਅਤੇ ਉੱਥੇ ਧੂੰਆਂ ਭਰਿਆ ਹੋਇਆ ਸੀ। ਸਤਦੇਵ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੰਕਜ ਨੇ ਪੁਲਸ ਨੂੰ ਕਿਹਾ ਕਿ ਹੋਟਲ ਮਾਲਕ ਅਤੇ ਪ੍ਰਬੰਧਕ ਦੀ ਲਾਪਰਵਾਹੀ ਕਾਰਨ ਇਹ ਘਟਨਾ ਵਾਪਰੀ। ਉਨ੍ਹਾਂ ਨੇ ਇਸ ਮਾਮਲੇ 'ਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਨੇ ਸਤਦੇਵ ਦੀ ਲਾਸ਼ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ। ਘਟਨਾ ਦੇ ਸਿਲਸਿਲੇ 'ਚ ਹੋਟਲ ਮਾਲਕ ਅਤੇ ਪ੍ਰਬੰਧਕ ਵਿਰੁੱਧ ਆਈ.ਪੀ.ਸੀ. ਦੀ ਧਾਰਾ 285 (ਅੱਗ ਜਾਂ ਜਲਣਸ਼ੀਲ ਸਮੱਗਰੀ ਸੰਬੰਧਤ ਲਾਪਰਵਾਹੀ), ਧਾਰਾ 304-ਏ (ਲਾਪਰਵਾਹੀ ਨਾਲ ਮੌਤ), ਧਾਰਾ-24 (ਸਾਂਝਾ ਇਰਾਦਾ ਰੱਖਣ) ਦੇ ਅਧੀਨ ਇਕ ਸ਼ਿਕਾਇਤ ਦਰਜ ਕੀਤੀ ਗਈ ਹੈ।