ਮਣੀਪੁਰ ''ਚ ਔਰਤਾਂ ਨੂੰ ਨਗਨ ਘੁੰਮਾਉਣ ਦੇ ਮਾਮਲੇ ''ਚ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ
Tuesday, Jul 25, 2023 - 10:33 AM (IST)
ਇੰਫਾਲ- ਮਣੀਪੁਰ 'ਚ ਦੋ ਔਰਤਾਂ ਨੂੰ ਨਗਨ ਘੁੰਮਾਉਣ ਦੇ ਮਾਮਲੇ 'ਚ ਪੁਲਸ ਨੇ ਇਕ ਹੋਰ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਬੀਤੀ 19 ਜੁਲਾਈ ਨੂੰ ਇਸ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੂਰੇ ਦੇਸ਼ 'ਚ ਗੁੱਸਾ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਨੂੰ ਸੋਮਵਾਰ ਸ਼ਾਮ ਨੂੰ ਥੌਬਲ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਦੇ ਨਾਲ ਹੀ ਇਸ ਮਾਮਲੇ 'ਚ ਹੁਣ ਤੱਕ ਕੁੱਲ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲਸ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓਜ਼ ਤੋਂ 14 ਲੋਕਾਂ ਦੀ ਪਛਾਣ ਕੀਤੀ ਸੀ, ਜੋ 4 ਮਈ ਨੂੰ ਦੋ ਆਦਿਵਾਸੀ ਔਰਤਾਂ ਨੂੰ ਨਗਨ ਘੁੰਮਾਉਣ ਦੇ ਕੰਮ ਵਿਚ ਸ਼ਾਮਲ ਸਨ।
ਦੋਹਾਂ ਔਰਤਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਛੁਡਾਉਣ ਤੋਂ ਪਹਿਲਾਂ ਭੀੜ ਨੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਵੀ ਕੀਤਾ। ਇਸ ਘਟਨਾ ਨਾਲ ਸਬੰਧਤ 26 ਸਕਿੰਟ ਦਾ ਵੀਡੀਓ 19 ਜੁਲਾਈ ਨੂੰ ਸਾਹਮਣੇ ਆਇਆ ਸੀ। ਵੀਡੀਓ 'ਚ ਨਜ਼ਰ ਆ ਰਹੀ ਔਰਤ 'ਚੋਂ ਇਕ ਸਾਬਕਾ ਫੌਜੀ ਦੀ ਪਤਨੀ ਹੈ। ਉਸ ਦੇ ਪਤੀ ਨੇ ਆਸਾਮ ਰੈਜੀਮੈਂਟ 'ਚ ਸੂਬੇਦਾਰ ਵਜੋਂ ਸੇਵਾ ਨਿਭਾਈ ਅਤੇ ਕਾਰਗਿਲ ਯੁੱਧ 'ਚ ਵੀ ਹਿੱਸਾ ਲਿਆ ਸੀ। ਘਟਨਾ ਦੇ ਸਬੰਧ 'ਚ ਸ਼ਿਕਾਇਤ ਕਰੀਬ ਇਕ ਮਹੀਨਾ ਪਹਿਲਾਂ 21 ਜੂਨ ਨੂੰ ਕੰਗਪੋਕਪੀ ਜ਼ਿਲ੍ਹੇ ਦੇ ਸੈਕੁਲ ਪੁਲਿਸ ਸਟੇਸ਼ਨ 'ਚ ਦਰਜ ਕਰਵਾਈ ਗਈ ਸੀ।
ਮਣੀਪੁਰ 'ਚ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਮੇਇਤੀ ਭਾਈਚਾਰੇ ਦੀ ਮੰਗ ਦੇ ਵਿਰੋਧ ਵਿਚ 3 ਮਈ ਨੂੰ ਪਹਾੜੀ ਜ਼ਿਲ੍ਹਿਆਂ 'ਚ 'ਕਬਾਇਲੀ ਏਕਤਾ ਮਾਰਚ' ਦਾ ਆਯੋਜਨ ਕਰਨ ਤੋਂ ਬਾਅਦ ਭੜਕੀ ਨਸਲੀ ਹਿੰਸਾ 'ਚ 160 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਮਣੀਪੁਰ ਦੀ ਆਬਾਦੀ 'ਚ ਮੇਇਤੀ ਭਾਈਚਾਰੇ ਦੇ ਲੋਕਾਂ ਦੀ ਗਿਣਤੀ ਲਗਭਗ 53 ਫ਼ੀਸਦੀ ਹੈ ਅਤੇ ਜ਼ਿਆਦਾਤਰ ਇੰਫਾਲ ਘਾਟੀ ਵਿਚ ਰਹਿੰਦੇ ਹਨ, ਜਦੋਂ ਕਿ ਨਾਗਾ ਅਤੇ ਕੂਕੀ ਵਰਗੇ ਆਦਿਵਾਸੀ 40 ਫ਼ੀਸਦੀ ਅਤੇ ਪਹਾੜੀ ਜ਼ਿਲ੍ਹਿਆਂ ਵਿਚ ਰਹਿੰਦੇ ਹਨ।