ਰਾਜਸਥਾਨ : ਯੋਜਨਾ ਭਵਨ ਦੀ ਅਲਮਾਰੀ ''ਚੋਂ 2.31 ਕਰੋੜ ਨਕਦੀ ਅਤੇ ਇਕ ਕਿਲੋ ਸੋਨਾ ਬਰਾਮਦ

Saturday, May 20, 2023 - 11:14 AM (IST)

ਰਾਜਸਥਾਨ : ਯੋਜਨਾ ਭਵਨ ਦੀ ਅਲਮਾਰੀ ''ਚੋਂ 2.31 ਕਰੋੜ ਨਕਦੀ ਅਤੇ ਇਕ ਕਿਲੋ ਸੋਨਾ ਬਰਾਮਦ

ਜੈਪੁਰ (ਭਾਸ਼ਾ)- ਰਾਜਸਥਾਨ ਦੇ ਜੈਪੁਰ 'ਚ ਸਰਕਾਰ ਦੇ ਯੋਜਨਾ ਭਵਨ ਦੇ ਤਹਿਖਾਨੇ 'ਚ ਇਕ ਅਲਮਾਰੀ 'ਚੋਂ 2.31 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਅਤੇ ਇਕ ਕਿਲੋ ਸੋਨਾ ਬਰਾਮਦ ਕੀਤਾ ਗਿਆ ਹੈ। ਪੁਲਸ ਨੇ ਇਸ ਸੰਬੰਧ 'ਚ ਯੋਜਨਾ ਭਵਨ ਦੇ 7 ਕਰਮਚਾਰੀਆਂ ਨੂੰ ਹਿਰਾਸਤ 'ਚ ਲਿਆ ਹੈ, ਜਿਨ੍ਹਾਂ ਦੀ ਤਹਿਖਾਨੇ (ਬੇਸਮੈਂਟ) ਤੱਕ ਪਹੁੰਚ ਸੀ ਅਤੇ ਉੱਥੇ ਦੇ ਸੀ.ਸੀ.ਟੀ.ਵੀ. ਫੁਟੇਜ ਵੀ ਦੇਖੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਅਲਮਾਰੀ 'ਚ ਰੱਖੇ ਸੂਟਕੇਸ 'ਚ 2000 ਅਤੇ 500 ਰੁਪਏ ਦੇ ਨੋਟਸ ਸਨ। ਇਹ ਜ਼ਬਤੀ ਸ਼ੁੱਕਰਵਾਰ ਨੂੰ ਉਸ ਸਮੇਂ ਕੀਤੀ ਗਈ, ਜਦੋਂ ਭਾਰਤੀ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟਾਂ ਨੂੰ ਚਲਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ। ਭਾਜਪਾ ਨੇ ਇਸ ਮੁੱਦੇ ਨੂੰ ਲੈ ਕੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਅਧਿਕਾਰੀਆਂ ਅਨੁਸਾਰ, ਪੂਰੇ ਮਾਮਲੇ ਦੀ ਜਾਣਕਾਰੀ ਮੁੱਖ ਮੰਤਰੀ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਮੁੱਖ ਸਕੱਤਰ ਊਸ਼ਾ ਸ਼ਰਮਾ, ਪੁਲਸ ਜਨਰਲ ਡਾਇਰੈਕਟਰ (ਡੀ.ਜੀ.ਪੀ.) ਉਮੇਸ਼ ਮਿਸ਼ਰਾ ਅਤੇ ਜੈਪੁਰ ਦੇ ਪੁਲਸ ਕਮਿਸ਼ਨਰ ਆਨੰਦ ਸ਼੍ਰੀਵਾਸਤਵ ਨੇ ਸ਼ੁੱਕਰਵਾਰ ਦੇਰ ਰਾਤ ਸਕੱਤਰੇਤ 'ਚ ਸੰਯੁਕਤ ਪ੍ਰੈੱਸ ਵਾਰਤਾ ਕੀਤੀ। ਸ਼੍ਰੀਵਾਸਤਵ ਨੇ ਕਿਹਾ,''ਜਿਸ ਤਹਿਖਾਨੇ ਤੋਂ ਨਕਦੀ ਅਤੇ ਸੋਨਾ ਮਿਲਿਆ ਹੈ, ਉੱਥੇ ਈ-ਫਾਈਲਿੰਗ ਪ੍ਰਾਜੈਕਟ ਦੇ ਅਲਮਾਰੀ ਦੇ ਤਾਲੇ ਤੋੜੇ ਗਏ।''

ਉਨ੍ਹਾਂ ਕਿਹਾ,''ਇਕ ਅਲਮਾਰੀ 'ਚ ਫਾਈਲਾਂ ਮਿਲਿਆ, ਜਦੋਂ ਕਿ ਦੂਜੀ ਅਲਮਾਰੀ 'ਚ ਇਕ ਸੂਟਕੇਸ ਮਿਲਿਆ। ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ ਇਹ ਨੋਟਾਂ ਅਤੇ ਸੋਨੇ ਨਾਲ ਭਰਿਆ ਸੀ। ਉਨ੍ਹਾਂ ਕਿਹਾ ਕਿ 7 ਕਰਮਚਾਰੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੂਰੇ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਪੁਲਸ ਕਮਿਸ਼ਨਰ ਨੇ ਜਲਦ ਹੀ ਪੂਰੇ ਮਾਮਲੇ ਦਾ ਖ਼ੁਲਾਸਾ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਿਸ ਅਲਮਾਰੀ ਤੋਂ ਨਕਦੀ ਅਤੇ ਸੋਨਾ ਬਰਾਮਦ ਹੋਇਆ ਹੈ, ਉਹ ਕਈ ਮਹੀਨਿਆਂ ਤੋਂ ਬੰਦ ਪਈ ਸੀ। ਪੁਲਸ ਉਨ੍ਹਾਂ ਕਰਮਚਾਰੀਆਂ ਤੋਂ ਪੁੱਛ-ਗਿੱਛ ਕਰੇਗੀ, ਜਿਨ੍ਹਾਂ ਦੀ ਤਹਿਖਾਨੇ 'ਚ ਅਲਮਾਰੀਆਂ ਤੱਕ ਪਹੁੰਚ ਹੈ। ਉਨ੍ਹਾਂ ਕਿਹਾ,''ਪੈਸਾ ਕਿਸ ਦਾ ਹੈ, ਕਿਵੇਂ ਆਇਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਸੀ.ਸੀ.ਟੀ.ਵੀ. ਫੁਟੇਜ ਦੇਖੇ ਜਾ ਰਹੇ ਹਨ।'' ਯੋਜਨਾ ਭਵਨ 'ਚ ਕਰੋੜਾਂ ਰੁਪਏ ਦੀ ਨਕਦੀ ਮਿਲਣ ਦੀ ਘਟਨਾ ਨੂੰ ਲੈ ਕੇ ਹੁਣ ਭਾਜਪਾ ਨੇ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ।


author

DIsha

Content Editor

Related News