ਤਾਜ ਮਹਿਲ ਨੂੰ ਇਕ ਕਰੋੜ ਦਾ ਨੋਟਿਸ ਭੇਜਿਆ
Tuesday, Dec 20, 2022 - 11:00 AM (IST)
ਆਗਰਾ (ਭਾਸ਼ਾ)– ਆਗਰਾ ਵਿਚ ਨਗਰ ਨਿਗਮ ਨੇ ਤਾਜ ਮਹਿਲ ਨੂੰ ਇਕ ਕਰੋੜ ਤੋਂ ਵਧ ਰੁਪਏ ਦਾ ਨੋਟਿਸ ਭੇਜਿਆ ਹੈ। ਨੋਟਿਸ ਵਿਚ ਗ੍ਰਹਿ ਟੈਕਸ, ਪਾਣੀ ਦਾ ਟੈਕਸ ਅਤੇ ਸੀਵਰ ਟੈਕਸ ਆਦਿ ਸ਼ਾਮਲ ਹੈ। ਅਧਿਕਾਰੀਆਂ ਮੁਤਾਬਕ ਇਕੱਲੇ ਗ੍ਰਹਿ ਟੈਕਸ ਦੇ ਨਾਂ ’ਤੇ ਲਗਭਗ ਡੇਢ ਲੱਖ ਰੁਪਏ ਦਾ ਨੋਟਿਸ ਪੁਰਾਤਤਵ ਵਿਭਾਗ ਦੇ ਅਧਿਕਾਰੀਆਂ ਨੂੰ ਭੇਜਿਆ ਗਿਆ ਹੈ। ਨੋਟਿਸ ਵਿਚ 15 ਦਿਨ ਦੇ ਅੰਦਰ ਇਹ ਗ੍ਰਹਿ ਟੈਕਸ ਜਮ੍ਹਾ ਕਰਨ ਨੂੰ ਕਿਹਾ ਗਿਆ ਹੈ। ਭਾਰਤੀ ਪੁਰਾਤਤਵ ਸਰਵੇਖਣ ਵਿਭਾਗ, ਆਗਰਾ (ਏ. ਐੱਸ. ਆਈ.) ਦੇ ਅਧਿਕਾਰੀਆਂ ਮੁਤਾਬਕ ਗ੍ਰਹਿ ਟੈਕਸ ਦਾ ਇਕ ਨੋਟਿਸ ਐਤਮਾਦੌਲਾ ਯਾਦਗਾਰ ਨੂੰ ਵੀ ਭੇਜਿਆ ਗਿਆ ਹੈ।
ਸੁਰੱਖਿਅਤ ਯਾਦਗਾਰ ਐਤਮਾਦੌਲਾ ਨੂੰ ਇਹ ਨੋਟਿਸ ਐਤਮਾਦੌਲਾ ਫੋਰਕੋਰਟ ਦੇ ਨਾਂ ਤੋਂ ਭੇਜਿਆ ਗਿਆ ਹੈ। ਇਸ ਸੰਬੰਧ ਵਿਚ ਪੁੱਛੇ ਜਾਣ ’ਤੇ ਭਾਰਤੀ ਪੁਰਾਤਤਵ ਸਰਵੇਖਣ ਵਿਭਾਗ ਵਿਚ ਸੁਪਰਡੈਂਟ ਡਾ. ਰਾਜਕੁਮਾਰ ਪਟੇਲ ਨੇ ਦੱਸਿਆ ਕਿ ਤਾਜ ਮਹਿਲ ਅਤੇ ਐਤਮਾਦੌਲਾ ਦੇ ਸੰਬੰਧ ਵਿਚ ਭੇਜੇ ਗਏ ਨੋਟਿਸ ਦਾ ਜਵਾਬ ਦੇ ਕੇ ਸਥਿਤੀ ਸਪੱਸ਼ਟ ਕੀਤੀ ਜਾਵੇਗੀ।