ਈਦ ਮੌਕੇ BSF ਅਤੇ ਪਾਕਿਸਤਾਨ ਰੇਂਜਰਸ ਨੇ ਇਕ-ਦੂਜੇ ਨੂੰ ਵੰਡੀ ਮਠਿਆਈ

Tuesday, May 03, 2022 - 03:33 PM (IST)

ਈਦ ਮੌਕੇ BSF ਅਤੇ ਪਾਕਿਸਤਾਨ ਰੇਂਜਰਸ ਨੇ ਇਕ-ਦੂਜੇ ਨੂੰ ਵੰਡੀ ਮਠਿਆਈ

ਜੰਮੂ (ਭਾਸ਼ਾ)– ਸਰਹੱਦ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਅਤੇ ਪਾਕਿਸਤਾਨ ਰੇਂਜਰਸ ਨੇ ਮੰਗਲਵਾਰ ਨੂੰ ਈਦ ਮੌਕੇ ਜੰਮੂ ਖੇਤਰ ’ਚ ਕੌਮਾਂਤਰੀ ਸਰਹੱਦ ’ਤੇ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ। ਬੀ. ਐੱਸ. ਐੱਫ. ਦੇ ਡਿਪਟੀ ਇੰਸਪੈਕਟਰ ਜਨਰਲ SPS ਸੰਧੂ ਨੇ ਕਿਹਾ, ‘‘ਬੀ. ਐੱਸ. ਐੱਫ. ਅਤੇ ਪਾਕਿਸਤਾਨ ਰੇਂਜਰਸ ਦੇ ਜਵਾਨਾਂ ਨੇ ਅੱਜ ਈਦ ਮੌਕੇ ’ਤੇ ਜੰਮੂ ਫਰੰਟੀਅਰ ਤਹਿਤ ਕੌਮਾਂਤਰੀ ਸਰਹੱਦ ’ਤੇ ਸਥਿਤ ਵੱਖ-ਵੱਖ ਚੌਕੀਆਂ ’ਤੇ ਆਪਸੀ ਪਿਆਰ ਭਰੇ ਮਾਹੌਲ ’ਚ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ।’’

ਸੰਧੂ ਨੇ ਕਿਹਾ ਕਿ ਸਾਂਬਾ, ਕਠੁਆ, ਆਰ. ਐੱਸ. ਪੁਰਾ ਅਤੇ ਅਖਨੂਰ ’ਚ ਸਰਹੱਦ ਚੌਕੀਆਂ ’ਤੇ ਮਠਿਆਈਆਂ ਵੰਡੀਆਂ ਗਈਆਂ। ਉਨ੍ਹਾਂ ਕਿਹਾ ਕਿ ਬੀ. ਐੱਸ. ਐੱਫ. ਨੇ ਰੇਂਜਰਸ ਨੂੰ ਮਠਿਆਈ ਵੰਡੀ ਅਤੇ ਬਾਅਦ ’ਚ ਰੇਂਜਰਸ ਨੇ ਬੀ. ਐੱਸ. ਐੱਫ. ਨੂੰ ਮਠਿਆਈ ਭੇਟ ਕੀਤੀ। ਸਰਹੱਦ ’ਤੇ ਆਪਸੀ ਪਿਆਰ ਰੱਖਦੇ ਹੋਏ ਸ਼ਾਂਤੀਪੂਰਨ ਮਾਹੌਲ ਬਣਾਉਣ ਲਈ ਬੀ. ਐੱਸ. ਐੱਫ. ਹਮੇਸ਼ਾ ਅੱਗੇ ਰਹਿੰਦਾ ਹੈ।

ਸੰਧੂ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਦੀ ਸਦਭਾਵਨਾ ਦੋਹਾਂ ਫੋਰਸਾਂ ਵਿਚਾਲੇ ਸਰਹੱਦ ’ਤੇ ਸ਼ਾਂਤੀਪੂਰਨ ਮਾਹੌਲ ਅਤੇ ਪਿਆਰ ਭਰੇ ਸਬੰਧ ਬਣਾਉਣ ’ਚ ਮਦਦ ਕਰਦੀ ਹੈ। ਬੀ. ਐੱਸ. ਐੱਫ. ਭਾਰਤ-ਪਾਕਿਸਤਾਨ ਵਿਚਾਲੇ ਲੱਗਭਗ 2,290 ਕਿਲੋਮੀਟਰ ਕੌਮਾਂਤਰੀ ਸਰਹੱਦ ਦੀ ਰਾਖੀ ਕਰਦਾ ਹੈ। ਜੋ ਜੰਮੂ, ਪੰਜਾਬ, ਰਾਜਸਥਾਨ ਤੋਂ ਗੁਜਰਾਤ ਤੱਕ ਜਾਂਦੀ ਹੈ।


author

Tanu

Content Editor

Related News