CM ਅਬਦੁੱਲਾ ਨੇ ਜੰਮੂ ਕਸ਼ਮੀਰ ਦਾ ਬਜਟ ਕੀਤਾ ਪੇਸ਼

Friday, Mar 07, 2025 - 01:45 PM (IST)

CM ਅਬਦੁੱਲਾ ਨੇ ਜੰਮੂ ਕਸ਼ਮੀਰ ਦਾ ਬਜਟ ਕੀਤਾ ਪੇਸ਼

ਜੰਮੂ- ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ 6 ਸਾਲਾਂ ਦੇ ਅੰਤਰਾਲ ਤੋਂ ਬਾਅਦ ਸ਼ੁੱਕਰਵਾਰ ਨੂੰ ਰਾਜ ਦਾ ਬਜਟ ਪੇਸ਼ ਕੀਤਾ ਅਤੇ ਇਸ ਨੂੰ ਆਰਥਿਕ ਵਿਕਾਸ ਲਈ ਇਕ ਰੋਡਮੈਪ ਅਤੇ ਲੋਕਾਂ ਦੀਆਂ ਇੱਛਾਵਾਂ ਦਾ ਸੱਚਾ ਪ੍ਰਤੀਬਿੰਬ ਦੱਸਿਆ। ਵਿਧਾਨ ਸਭਾ 'ਚ ਬਜਟ ਪੇਸ਼ ਕਰਦੇ ਹੋਏ, ਅਬਦੁੱਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਖ-ਵੱਖ ਖੇਤਰਾਂ 'ਚ ਸਹਿਯੋਗ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ,"ਜੰਮੂ ਅਤੇ ਕਸ਼ਮੀਰ ਦੇ ਵਿੱਤ ਮੰਤਰੀ ਵਜੋਂ ਮੈਨੂੰ ਇਹ ਬਜਟ ਪੇਸ਼ ਕਰਨ 'ਚ ਖੁਸ਼ੀ ਹੋ ਰਹੀ ਹੈ। ਇਹ ਆਰਥਿਕ ਵਿਕਾਸ ਲਈ ਇਕ ਰੋਡਮੈਪ ਹੈ ਅਤੇ ਲੋਕਾਂ ਦੀਆਂ ਸੱਚੀਆਂ ਇੱਛਾਵਾਂ ਦਾ ਪ੍ਰਤੀਬਿੰਬ ਹੈ।" 6 ਸਾਲਾਂ ਦੇ ਕੇਂਦਰੀ ਸ਼ਾਸਨ ਦੇ ਅੰਤ ਤੋਂ ਬਾਅਦ ਪਿਛਲੇ ਸਾਲ ਅਕਤੂਬਰ 'ਚ ਸੱਤਾ 'ਚ ਆਉਣ ਤੋਂ ਬਾਅਦ ਇਹ ਨੈਸ਼ਨਲ ਕਾਨਫਰੰਸ ਸਰਕਾਰ ਦਾ ਪਹਿਲਾ ਬਜਟ ਹੈ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ 'ਚ ਆਖਰੀ ਬਜਟ ਸੈਸ਼ਨ 2018 'ਚ ਪੀਡੀਪੀ-ਭਾਜਪਾ ਸਰਕਾਰ ਦੌਰਾਨ ਹੋਇਆ ਸੀ। 5 ਅਗਸਤ 2019 ਨੂੰ ਜੰਮੂ-ਕਸ਼ਮੀਰ 'ਚ ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਇਸ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡਿਆ ਗਿਆ ਸੀ।

ਅਬਦੁੱਲਾ ਨੇ ਵਿਧਾਨ ਸਭਾ 'ਚ ਕਿਹਾ,"ਸਾਡੀਆਂ ਚੁਣੌਤੀਆਂ ਬਹੁਤ ਵੱਡੀਆਂ ਹਨ ਅਤੇ ਸਾਡੀਆਂ ਹੱਦਾਂ ਵੀ ਬਹੁਤ ਹਨ ਪਰ ਸਾਨੂੰ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅਟੁੱਟ ਇਰਾਦੇ ਨਾਲ ਅੱਗੇ ਵਧਣਾ ਚਾਹੀਦਾ ਹੈ।" ਉਨ੍ਹਾਂ ਕਿਹਾ ਕਿ ਇਹ ਬਜਟ ਸੂਬੇ ਦੇ ਲੋਕਾਂ ਦੇ ਸੁਪਨਿਆਂ, ਭਵਿੱਖ ਦੀਆਂ ਜ਼ਰੂਰਤਾਂ ਅਤੇ ਹਰ ਨਾਗਰਿਕ ਦੀਆਂ ਇੱਛਾਵਾਂ ਨੂੰ ਦਰਸਾਉਣ ਦੀ ਕੋਸ਼ਿਸ਼ ਹੈ। ਮੁੱਖ ਮੰਤਰੀ ਨੇ ਕਿਹਾ,"ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਬਹਾਲ ਕਰਨਾ ਲੋਕਾਂ ਦੀ ਇੱਛਾ ਹੈ ਅਤੇ ਸਾਡੀ ਸਰਕਾਰ ਇਸ ਨੂੰ ਪੂਰਾ ਕਰਨ ਲਈ ਦ੍ਰਿੜ ਹੈ।" ਬਜਟ ਪੇਸ਼ ਕਰਨ ਤੋਂ ਪਹਿਲਾਂ ਅਬਦੁੱਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇਕ ਦਿਨ ਬਜਟ ਪੇਸ਼ ਕਰਨਗੇ। ਉਨ੍ਹਾਂ ਕਿਹਾ,''ਸੱਤ ਸਾਲ ਪਹਿਲਾਂ, ਮੈਂ ਮਜ਼ਾਕ 'ਚ ਵਿੱਤ ਮੰਤਰੀਆਂ ਦੇ ਬਜਟ ਬ੍ਰੀਫਕੇਸ ਚੁੱਕਣ ਦੀ ਪਰੰਪਰਾ ਦੀ ਨਕਲ ਕੀਤੀ ਸੀ। ਮੈਂ ਕਦੇ ਆਪਣੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਇਕ ਦਿਨ ਮੈਂ ਇਸ ਨੂੰ ਅਸਲ 'ਚ ਪੇਸ਼ ਕਰਾਂਗਾ।'' ਉਨ੍ਹਾਂ ਨੇ ਮਰਹੂਮ ਭਾਜਪਾ ਨੇਤਾ ਦਵਿੰਦਰ ਸਿੰਘ ਰਾਣਾ ਨਾਲ ਆਪਣੀ ਇਕ ਫੋਟੋ ਵੀ ਸਾਂਝੀ ਕੀਤੀ ਜਿਸ 'ਚ ਅਬਦੁੱਲਾ ਇਕ ਬ੍ਰੀਫਕੇਸ ਲੈ ਕੇ ਜਾਂਦੇ ਨਜ਼ਰ ਆ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News