ਪੱਤਰਕਾਰਾਂ ਨੂੰ ਰਿਸ਼ਵਤ ਦਿੱਤੇ ਜਾਣ ਦੇ ਮਾਮਲੇ ''ਚ ਜ਼ਰੂਰ ਕਾਰਵਾਈ ਹੋਵੇ : ਉਮਰ
Wednesday, May 08, 2019 - 04:58 PM (IST)
ਸ਼੍ਰੀਨਗਰ (ਭਾਸ਼ਾ)— ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਲੇਹ ਵਿਚ ਭਾਜਪਾ ਨੇਤਾਵਾਂ ਵਲੋਂ ਪੱਤਰਕਾਰਾਂ ਨੂੰ ਰਿਸ਼ਵਤ ਦਿੱਤੇ ਜਾਣ ਦੇ ਮਾਮਲੇ ਵਿਚ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ। ਉਮਰ ਨੇ ਇਕ ਟਵੀਟ ਵਿਚ ਕਿਹਾ, ''ਸੀ. ਸੀ. ਟੀ. ਵੀ. ਫੁਟੇਜ ਵਿਚ ਭਾਜਪਾ ਦੇ ਨੇਤਾ ਲੇਹ ਵਿਚ ਪੱਤਰਕਾਰਾਂ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਮੈਂ ਪ੍ਰੈੱਸ ਕਲੱਬ ਲੇਹ ਦੇ ਸ਼ਿਕਾਇਤ ਪੱਤਰ ਨਾਲ ਆਪਣੇ ਮੂਲ ਟਵੀਟ ਨੂੰ ਰੀਟਵੀਟ ਕਰ ਰਿਹਾਂ ਹਾਂ। ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ।''
ਉਮਰ ਇਸ ਸਿਲਸਿਲੇ ਵਿਚ ਲੇਹ ਦੇ ਇਕ ਹੋਟਲ ਦੇ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਉਣ 'ਤੇ ਪ੍ਰਤੀਕਿਰਿਆ ਜ਼ਾਹਰ ਕਰ ਰਹੇ ਸਨ। ਇਸ ਫੁਟੇਜ ਵਿਚ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਰਵਿੰਦਰ ਰੈਨਾ ਸਮੇਤ ਪਾਰਟੀ ਦੇ ਕਈ ਨੇਤਾ ਪੱਤਰਕਾਰਾਂ ਨੂੰ ਲਿਫਾਫਾ ਵੰਡਦੇ ਦੇਖੇ ਜਾ ਸਕਦੇ ਹਨ। ਹਾਲਾਂਕਿ ਪੱਤਰਕਾਰਾਂ ਨੇ ਲਿਫਾਫਾ ਖੋਲ੍ਹਦੇ ਹੀ ਉਸ ਨੂੰ ਭਾਜਪਾ ਨੇਤਾਵਾਂ ਨੂੰ ਵਾਪਸ ਕਰ ਦਿੱਤਾ। ਉਮਰ ਨੇ ਇਕ ਹੋਰ ਟਵੀਟ ਵਿਚ ਕਿਹਾ, ''ਇਹ ਰਿਸ਼ਵਤ ਦੀ ਕੋਸ਼ਿਸ਼ ਦੀ ਸੀ. ਸੀ. ਟੀ. ਵੀ. ਫੁਟੇਜ ਹੈ। ਲੇਹ ਦੇ ਪੱਤਰਕਾਰਾਂ ਦੀ ਤਰੀਫ ਕਰਦਾ ਹਾਂ, ਉਨ੍ਹਾਂ ਦੀ ਈਮਾਨਦਾਰੀ ਅਤੇ ਉਨ੍ਹਾਂ ਦੇ ਸਾਥੀ ਪੱਤਰਕਾਰਾਂ ਲਈ ਇਕ ਬਿਹਤਰੀਨ ਨਜ਼ੀਰ ਹੈ।'' ਲੱਦਾਖ ਲੋਕ ਸਭਾ ਖੇਤਰ ਵਿਚ ਭਾਜਪਾ ਵਿਰੁੱਧ ਰਿਸ਼ਵਤ ਦੇ ਦੋਸ਼ ਦਾ ਇਹ ਦੂਜਾ ਮਾਮਲਾ ਹੈ। ਜ਼ਿਕਰਯੋਗ ਹੈ ਕਿ ਲੱਦਾਖ ਖੇਤਰ ਦੇ ਨੁਰਬਾ ਵਿਚ ਭਾਜਪਾ ਦੀ ਇਕ ਚੋਣ ਰੈਲੀ ਵਿਚ ਲੋਕਾਂ ਨੂੰ ਰੁਪਏ ਵੰਡਣ ਦੀ ਇਕ ਘਟਨਾ ਦੀ ਜਾਂਚ ਲਈ ਪੁਲਸ ਨੇ 3 ਮਈ 2019 ਨੂੰ ਇਕ ਐੱਫ. ਆਈ. ਆਰ. ਦਰਜ ਕੀਤੀ ਸੀ।