ਲਗਾਤਾਰ ਦੂਜੀ ਵਾਰ ਲੋਕ ਸਭਾ ਸਪੀਕਰ ਬਣਨ ਵਾਲੇ ਪਹਿਲੇ ਭਾਜਪਾ ਆਗੂ ਬਣੇ ਓਮ ਬਿਰਲਾ

Wednesday, Jun 26, 2024 - 01:41 PM (IST)

ਨਵੀਂ ਦਿੱਲੀ- ਰਾਜਸਥਾਨ ਦੇ ਕੋਟਾ ਤੋਂ ਭਾਜਪਾ ਦੇ ਸੰਸਦ ਮੈਂਬਰ ਓਮ ਬਿਰਲਾ ਬੁੱਧਵਾਰ ਨੂੰ ਲੋਕ ਸਭਾ ਸਪੀਕਰ ਦੇ ਰੂਪ 'ਚ ਮੁੜ ਚੁਣੇ ਜਾਣ ਤੋਂ ਬਾਅਦ ਦੋ ਦਹਾਕਿਆਂ ਤੋਂ ਵੱਧ ਸਮੇਂ 'ਚ ਇਹ ਅਹੁਦਾ ਸੰਭਾਲਣ ਵਾਲੇ ਪਹਿਲੇ ਨੇਤਾ ਬਣ ਗਏ ਹਨ। ਇਸ ਨਾਲ ਉਹ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਪਹਿਲੇ ਨੇਤਾ ਬਣ ਗਏ ਹਨ, ਜੋ ਲਗਾਤਾਰ ਦੋ ਵਾਰ ਸੰਸਦ ਦੇ ਇਸ ਵੱਕਾਰੀ ਅਹੁਦੇ ਲਈ ਚੁਣੇ ਗਏ ਹਨ। ਵਿਰੋਧੀ ਧਿਰ ਵੱਲੋਂ ਲੋਕ ਸਭਾ 'ਚ ਵੋਟਾਂ ਦੀ ਵੰਡ 'ਤੇ ਜ਼ੋਰ ਨਾ ਦੇਣ ਕਾਰਨ ਬਿਰਲਾ ਨੂੰ ਮੁੜ ਆਵਾਜ਼ੀ ਵੋਟ ਰਾਹੀਂ ਇਸ ਅਹੁਦੇ ਲਈ ਚੁਣਿਆ ਗਿਆ। ਲੋਕ ਸਭਾ ਸਪੀਕਰ ਦੀ ਚੋਣ ਸਮੇਂ ਕਾਰਜਕਾਰੀ ਸਪੀਕਰ ਭਰਤਹਿਰੀ ਮਹਿਤਾਬ ਇਸ ਸੀਟ 'ਤੇ ਕਾਬਜ਼ ਸਨ ਅਤੇ ਬਿਰਲਾ ਦੇ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੇ ਇਹ ਸੀਟ ਭਾਜਪਾ ਨੇਤਾ ਨੂੰ ਸੌਂਪ ਦਿੱਤੀ ਸੀ। ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਬਿਰਲਾ ਲਗਾਤਾਰ ਤੀਜੀ ਵਾਰ ਕੋਟਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ।

ਇਹ ਵੀ ਪੜ੍ਹੋ- ਸੰਸਦ 'ਚ ਮੋਦੀ ਸਰਕਾਰ 3.0 ਦਾ ਪਹਿਲਾ ਇਮਤਿਹਾਨ, ਓਮ ਬਿਰਲਾ ਚੁਣੇ ਗਏ ਲੋਕ ਸਭਾ ਸਪੀਕਰ

ਮੰਗਲਵਾਰ ਨੂੰ ਐਨਡੀਏ ਨੇ ਬਿਰਲਾ ਨੂੰ ਸਰਬਸੰਮਤੀ ਨਾਲ ਲੋਕ ਸਭਾ ਸਪੀਕਰ ਦਾ ਉਮੀਦਵਾਰ ਬਣਾਇਆ ਸੀ। ਭਾਜਪਾ 'ਚ ਉਨ੍ਹਾਂ ਤੋਂ ਪਹਿਲਾਂ ਸੁਮਿਤਰਾ ਮਹਾਜਨ ਲੋਕ ਸਭਾ ਸਪੀਕਰ ਰਹਿ ਚੁੱਕੀ ਹੈ ਪਰ ਬਿਰਲਾ ਪਾਰਟੀ ਦੇ ਅਜਿਹੇ ਪਹਿਲੇ ਆਗੂ ਹਨ ਜੋ ਲਗਾਤਾਰ ਇਸ ਅਹੁਦੇ ਲਈ ਮੁੜ ਚੁਣੇ ਗਏ ਹਨ। ਬਿਰਲਾ ਨੂੰ ਇਕ ਅਜਿਹਾ ਨੇਤਾ ਮੰਨਿਆ ਜਾਂਦਾ ਹੈ ਜੋ ਪਰਦੇ ਦੇ ਪਿੱਛੇ ਸੰਗਠਨ ਲਈ ਕੰਮ ਕਰਦਾ ਹੈ। ਉਨ੍ਹਾਂ ਨੇ1991 ਤੋਂ 2003 ਤੱਕ ਭਾਜਪਾ ਦੇ ਯੂਥ ਵਿੰਗ ਲਈ ਕੰਮ ਕੀਤਾ ਅਤੇ ਇਸ ਦੌਰਾਨ ਉਹ ਆਮ ਭਾਜਪਾ ਵਰਕਰਾਂ ਅਤੇ ਵੱਡੇ ਨੇਤਾਵਾਂ ਦੇ ਸੰਪਰਕ ਵਿਚ ਆਏ। 2019 'ਚ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਲੋਕ ਸਭਾ ਦੇ ਸਪੀਕਰ ਲਈ ਉਨ੍ਹਾਂ ਦਾ ਨਾਂ ਪ੍ਰਸਤਾਵਿਤ ਕੀਤਾ ਗਿਆ ਸੀ। ਬਿਰਲਾ ਪਹਿਲੇ ਲੋਕ ਸਭਾ ਸਪੀਕਰ ਹਨ ਜਿਨ੍ਹਾਂ ਦੇ ਕਾਰਜਕਾਲ ਦੌਰਾਨ ਕੋਈ ਲੋਕ ਸਭਾ ਡਿਪਟੀ ਸਪੀਕਰ ਨਹੀਂ ਚੁਣਿਆ ਗਿਆ। ਬਿਰਲਾ ਕੋਲ ਸੰਸਦ ਦੀਆਂ ਪੁਰਾਣੀਆਂ ਅਤੇ ਨਵੀਂਆਂ ਇਮਾਰਤਾਂ ਵਿਚ ਲੋਕ ਸਭਾ ਦੀ ਪ੍ਰਧਾਨਗੀ ਕਰਨ ਦਾ ਰਿਕਾਰਡ ਵੀ ਹੈ। 17ਵੀਂ ਲੋਕ ਸਭਾ ਦੇ ਸਪੀਕਰ ਵਜੋਂ ਆਪਣੇ ਕਾਰਜਕਾਲ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਨੂੰ ਸਦਨ ਤੋਂ ਬਾਹਰ ਕਰਨ ਅਤੇ ਵੱਡੀ ਗਿਣਤੀ ਵਿਚ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਕਾਰਨ ਵੀ ਉਨ੍ਹਾਂ ਦਾ ਕਾਰਜਕਾਲ ਸੁਰਖੀਆਂ ਵਿਚ ਰਿਹਾ ਸੀ।

ਇਹ ਵੀ ਪੜ੍ਹੋ-  ਰਾਹੁਲ ਗਾਂਧੀ ਨੇ ਓਮ ਬਿਰਲਾ ਨੂੰ ਦਿੱਤੀ ਵਧਾਈ, ਕਿਹਾ- ਭਰੋਸਾ ਹੈ ਸਾਨੂੰ ਸਦਨ 'ਚ ਆਵਾਜ਼ ਚੁੱਕਣ ਦਿਓਗੇ

ਓਮ ਬਿਰਲਾ ਨੇ ਪਿਛਲੇ ਕਾਰਜਕਾਲ ਦੌਰਾਨ ਸੰਸਦ ਵਿਚ ਧਾਰਾ 370 ਨੂੰ ਖਤਮ ਕਰਨਾ, ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨਾ, ਤਿੰਨ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨਾ ਸਮੇਤ ਕਈ ਮਹੱਤਵਪੂਰਨ ਵਿਧਾਨਕ ਕੰਮ ਕੀਤੇ। 62 ਸਾਲ ਦੇ ਬਿਰਲਾ ਲਈ ਕੋਟਾ ਜਨਮ ਸਥਾਨ ਅਤੇ ਕਾਰਜ ਸਥਾਨ ਰਿਹਾ ਹੈ। ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਗੁਮਾਨਪੁਰਾ ਸਰਕਾਰੀ ਹਾਇਰ ਸੈਕੰਡਰੀ ਸਕੂਲ, ਕੋਟਾ ਤੋਂ ਕੀਤੀ ਅਤੇ ਫਿਰ ਰਾਜਸਥਾਨ ਯੂਨੀਵਰਸਿਟੀ ਤੋਂ ਬੀ.ਕਾਮ ਅਤੇ ਐਮ.ਕਾਮ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17ਵੀਂ ਲੋਕ ਸਭਾ ਦੀ ਪਿਛਲੀ ਬੈਠਕ 'ਚ ਬਿਰਲਾ ਦੀ ਤਾਰੀਫ ਕੀਤੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦੇ ਚਿਹਰੇ 'ਤੇ ਹਮੇਸ਼ਾ ਮੁਸਕਰਾਹਟ ਰਹਿੰਦੀ ਹੈ। ਅੱਜ ਵੀ ਉਨ੍ਹਾਂ ਕਿਹਾ ਕਿ ਬਿਰਲਾ ਦੀ ਮਿੱਠੀ ਮੁਸਕਰਾਹਟ ਪੂਰੇ ਸਦਨ ਨੂੰ ਖੁਸ਼ ਰੱਖਦੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Tanu

Content Editor

Related News