ਪੁਰਾਣੇ ਨੌਕਰ ਨੇ ਮਾਲਕ, ਮਾਲਕਣ ਤੇ ਨੌਕਰਾਣੀ ''ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ, 1 ਦੀ ਹੋਈ ਮੌਤ

03/07/2024 4:37:28 AM

ਪੰਚਕੂਲਾ (ਮੁਕੇਸ਼) : ਸੈਕਟਰ-2 ਵਿਚ ਦਿਨ ਦਿਹਾੜੇ ਸੇਵਾਮੁਕਤ ਕਰਨਲ, ਪਤਨੀ ਅਤੇ ਨੌਕਰਾਣੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਪਹੁੰਚੀ ਪੁਲਸ ਨੇ ਨੌਕਰਾਣੀ ਸੰਤੋਸ਼ (48) ਨੂੰ ਸੈਕਟਰ-6 ਜਨਰਲ ਹਸਪਤਾਲ ਅਤੇ ਕਰਨਲ ਆਰ.ਕੇ. ਸ਼ਰਮਾ (80) ਅਤੇ ਪਤਨੀ ਸੁਸ਼ੀਲਾ ਦੇਵੀ (76) ਨੂੰ ਸੈਕਟਰ-26 ਸਥਿਤ ਓਜਸ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਸੁਸ਼ੀਲਾ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਕਰਨਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਦੇ ਨਾਲ ਹੀ ਨੌਕਰਾਣੀ ਦੇ ਸਿਰ ’ਚ ਕਰੀਬ 20 ਟਾਂਕੇ ਲਗਾਏ ਗਏ ਹਨ। 

ਇਸ ਸਬੰਧੀ ਪੁਲਸ ਕਮਿਸ਼ਨਰ ਸਿਬਾਸ ਕਬਿਰਾਜ, ਡੀ.ਸੀ.ਪੀ. ਸੁਮੇਰ ਪ੍ਰਤਾਪ ਸਿੰਘ, ਏ.ਸੀ.ਪੀ. ਅਰਵਿੰਦ ਕੰਬੋਜ, ਇੰਸਪੈਕਟਰ ਮਹਿੰਦਰ ਢਾਂਡਾ, ਸੈਕਟਰ-5 ਥਾਣਾ ਇੰਚਾਰਜ ਰੁਪੇਸ਼ ਚੌਧਰੀ ਅਤੇ ਫਾਰੈਂਸਿਕ ਟੀਮ ਮੌਕੇ ’ਤੇ ਪਹੁੰਚ ਗਏ। ਫਾਰੈਂਸਿਕ ਟੀਮ ਨੇ ਫਿੰਗਰ ਪ੍ਰਿੰਟ ਅਤੇ ਸੈਂਪਲ ਲਏ। ਸੈਕਟਰ-5 ਥਾਣਾ ਪੁਲਸ ਨੇ ਸੇਵਾਮੁਕਤ ਕਰਨਲ ਦੀ ਬੇਟੀ ਡਾ. ਅਨੁਰਾਧਾ ਦੀ ਸ਼ਿਕਾਇਤ ’ਤੇ ਕਤਲ ਅਤੇ ਹੋਰ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕਰ ਲਈ ਹੈ।

ਇਹ ਵੀ ਪੜ੍ਹੋ- ''ਤੁਹਾਡੇ ਘਰ ਮਾੜਾ ਟਾਈਮ ਆਉਣ ਵਾਲਾ ਹੈ, ਟਾਲਣ ਲਈ ਕਰਨਾ ਪਵੇਗਾ ਹਵਨ'', ਕਹਿ ਕੇ ਲੁੱਟ ਲਿਆ NRI ਪਰਿਵਾਰ

ਦੁਪਹਿਰ 12:40 ਵਜੇ ਮੂੰਹ ਢਕ ਕੇ ਕੋਠੀ ’ਚ ਦਾਖਲ ਹੋਏ ਮੁਲਜ਼ਮ
ਜਾਣਕਾਰੀ ਅਨੁਸਾਰ ਸੇਵਾ ਮੁਕਤ ਕਰਨਲ ਆਰ.ਕੇ. ਸ਼ਰਮਾ ਆਪਣੀ ਪਤਨੀ ਸੁਸ਼ੀਲਾ ਦੇਵੀ ਅਤੇ ਬੇਟੀ ਅਨੁਰਾਧਾ ਨਾਲ ਕੋਠੀ ’ਚ ਸੀ। ਬੁੱਧਵਾਰ ਦੁਪਹਿਰ ਨੂੰ ਬੇਟੀ ਡਰਾਈਵਰ ਦੀਪਕ ਨਾਲ ਕਮਾਂਡ ਹਸਪਤਾਲ ਗਈ ਸੀ। ਸੀ.ਸੀ.ਟੀ.ਵੀ. ਫੁਟੇਜ ਮੁਤਾਬਿਕ ਦੁਪਹਿਰ ਕਰੀਬ 12:40 ਵਜੇ ਇਕ ਨੌਜਵਾਨ ਮੂੰਹ ਢਕ ਕੇ ਅਤੇ ਟੋਪੀ ਪਾ ਕੇ ਘਰ ਅੰਦਰ ਦਾਖਲ ਹੋਇਆ, ਜਿਸ ਨੇ ਬਾਅਦ 'ਚ ਹੋਰ ਸਾਥੀਆਂ ਨੂੰ ਬੁਲਾਇਆ ’ਤੇ ਉਨ੍ਹਾਂ ਨੇ ਕਰਨਲ, ਪਤਨੀ ਅਤੇ ਨੌਕਰਾਣੀ ਦੇ ਸਿਰ ਅਤੇ ਗਰਦਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਪੁਰਾਣੇ ਨੌਕਰ ਵਿਜੈ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ – ਨੌਕਰਾਣੀ
ਨੌਕਰਾਣੀ ਸੰਤੋਸ਼ ਨੇ ਦੱਸਿਆ ਕਿ ਕਰਨਲ ਨੇ ਕੁਝ ਮਹੀਨੇ ਪਹਿਲਾਂ ਪੰਚਕੂਲਾ ਦੇ ਰਹਿਣ ਵਾਲੇ ਵਿਜੈ ਨੂੰ ਕੇਅਰਟੇਕਰ ਰੱਖਿਆ ਸੀ। ਕਿਸੇ ਗੱਲ ਕਾਰਣ ਕਰਨਲ ਨੇ ਉਸ ਨੂੰ ਕੱਢ ਦਿੱਤਾ ਸੀ। ਇਸ ਦੇ ਬਾਵਜੂਦ ਉਹ ਕਦੇ-ਕਦੇ ਆ ਜਾਂਦਾ ਸੀ। ਬੁੱਧਵਾਰ ਨੂੰ ਵਿਜੈ ਕੋਠੀ ਦਾ ਗੇਟ ਖੋਲ੍ਹ ਕੇ ਘਰ ’ਚ ਦਾਖਲ ਹੋਇਆ ਅਤੇ ਕਰਨਲ, ਪਤਨੀ ਅਤੇ ਨੌਕਰਾਣੀ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਘਟਨਾ ਵਿਚ ਡਰਾਈਵਰ ਦੀਪਕ ਵਾਸੀ ਰਾਏਪੁਰਾਨੀ ਦੀ ਭੂਮਿਕਾ ਵੀ ਸ਼ੱਕੀ ਲੱਗ ਰਹੀ ਹੈ। ਸੀ.ਸੀ.ਟੀ.ਵੀ. ਫੁਟੇਜ ’ਚ ਦਿਖਾਈ ਦੇ ਰਿਹਾ ਹੈ ਕਿ ਇਕ ਨੌਜਵਾਨ ਪਹਿਲਾਂ ਘਰ ’ਚ ਦਾਖਲ ਹੋਇਆ। ਦੋ ਬਾਅਦ ਵਿਚ ਦਾਖਲ ਹੋਏ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਡਰਾਈਵਰ ਸਮੇਤ ਚਾਰ ਨੌਜਵਾਨਾਂ ਨੂੰ ਬਾਹਰ ਜਾਂਦੇ ਦੇਖਿਆ।

ਇਹ ਵੀ ਪੜ੍ਹੋ- ਸਾਈਕਲ 'ਤੇ ਆਏ ਚੋਰਾਂ ਨੇ ਕੀਤੇ 20 ਲੱਖ ਦੇ ਗਹਿਣੇ ਚੋਰੀ, ਰੇਕੀ ਦੌਰਾਨ ਹੋਏ CCTV 'ਚ ਕੈਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News