ਜੀਂਦ ਜ਼ਿਲ੍ਹੇ ''ਚ ਕਰੀਬ ਸਾਢੇ 8 ਕਰੋੜ ਰੁਪਏ ਦੇ ਪੁਰਾਣੇ ਨਕਲੀ ਨੋਟ ਬਰਾਮਦ, 4 ਗ੍ਰਿਫ਼ਤਾਰ

Tuesday, Apr 12, 2022 - 11:32 AM (IST)

ਜੀਂਦ ਜ਼ਿਲ੍ਹੇ ''ਚ ਕਰੀਬ ਸਾਢੇ 8 ਕਰੋੜ ਰੁਪਏ ਦੇ ਪੁਰਾਣੇ ਨਕਲੀ ਨੋਟ ਬਰਾਮਦ, 4 ਗ੍ਰਿਫ਼ਤਾਰ

ਜੀਂਦ (ਭਾਸ਼ਾ)- ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਹਾਡਵਾ 'ਚ ਐਤਵਾਰ ਦੇਰ ਰਾਤ ਸਾਬਕਾ ਸਰਪੰਚ ਦੇ ਘਰੋਂ 8 ਕਰੋੜ 42 ਲੱਖ 60 ਹਜ਼ਾਰ ਰੁਪਏ ਦੇ ਪੁਰਾਣੇ ਜਾਅਲੀ ਨੋਟ ਬਰਾਮਦ ਕੀਤੇ ਗਏ ਹਨ ਅਤੇ ਇਸ ਸਬੰਧ 'ਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਨੋਟਾਂ ਦਾ ਸੌਦਾ 25 ਫੀਸਦੀ 'ਤੇ ਕੀਤਾ ਗਿਆ ਸੀ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਦੇ ਰਹਿਣ ਵਾਲੇ ਸੁਨੀਲ ਨਾਂ ਦੇ ਵਿਅਕਤੀ ਨੇ ਸਾਬਕਾ ਸਰਪੰਚ ਦੇ ਬੇਟੇ ਸੰਜੇ ਨੂੰ 20 ਕਰੋੜ ਰੁਪਏ ਦੇ ਪੁਰਾਣੇ ਨਕਲੀ ਨੋਟ ਸਪਲਾਈ ਕਰਨ ਦਾ ਆਰਡਰ ਦਿੱਤਾ ਸੀ, ਜਿਸ 'ਚ ਕਰੀਬ 8.50 ਕਰੋੜ ਰੁਪਏ ਦੇ ਨਕਲੀ ਨੋਟ ਛਾਪੇ ਗਏ ਸਨ ਅਤੇ ਪੁਲਸ ਨੇ ਨਕਲੀ ਪੁਰਾਣੇ ਨੋਟਾਂ ਨੂੰ ਲੈਣ ਤੋਂ ਪਹਿਲਾਂ ਜ਼ਬਤ ਕਰ ਲਿਆ ਉਨ੍ਹਾਂ ਦੱਸਿਆ ਕਿ ਪੁਲਸ ਨੇ ਮੌਕੇ ਤੋਂ ਸੰਜੇ ਵਾਸੀ ਪਿੰਡ ਹਾਡਵਾ, ਹਰਦੀਪ ਵਾਸੀ ਪਿੰਡ ਜੈਸਿੰਘਪੁਰਾ, ਅਸੰਧ ਵਾਸੀ ਭਾਰਤ ਭੂਸ਼ਨ ਅਤੇ ਪਿੰਡ ਦੁਡਾਨਾ ਵਾਸੀ ਮੁਸਕੀਨ ਨੂੰ ਗ੍ਰਿਫ਼ਤਾਰ ਕਰ ਲਿਆ। 

ਪੁਲਸ ਨੇ ਦੱਸਿਆ ਕਿ ਇਨ੍ਹਾਂ ਨੋਟਾਂ ਦੇ ਬਦਲੇ 25 ਫੀਸਦੀ ਰਕਮ ਦੇ ਨਵੇਂ ਨੋਟ ਮਿਲਣੇ ਸਨ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਬਰਾਮਦ ਕੀਤੇ ਗਏ ਪੁਰਾਣੇ ਨਕਲੀ ਨੋਟ ਕਲਰ ਪ੍ਰਿੰਟ ਹਨ ਅਤੇ ਇਸ ਨੂੰ ਗਿਣਨ 'ਚ ਪੁਲਸ ਨੂੰ ਸਾਢੇ 7 ਘੰਟੇ ਲੱਗ ਗਏ। ਉਨ੍ਹਾਂ ਦੱਸਿਆ ਕਿ ਇਸ ਲਈ 2 ਨੋਟ ਗਿਣਨ ਵਾਲੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਚਾਰਾਂ ਲੋਕਾਂ ਸਮੇਤ 5 ਖ਼ਿਲਾਫ਼ ਧੋਖਾਧੜੀ, ਭਾਰਤੀ ਕਰੰਸੀ ਦੇ ਚਿੰਨ੍ਹ ਦੀ ਦੁਰਵਰਤੋਂ ਕਰਨ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਚਾਰਾਂ ਮੁਲਜ਼ਮਾਂ ਨੂੰ ਦੋ ਦਿਨ ਦੀ ਰਿਮਾਂਡ 'ਤੇ ਪੁਲਸ ਹਵਾਲੇ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਹਾਡਵਾ ਪਿੰਡ ਦੇ ਰਹਿਣ ਵਾਲੇ ਸੰਜੇ ਨੇ ਕਲਰ ਪ੍ਰਿੰਟਰ ਦੀ ਮਦਦ ਨਾਲ ਇਹ ਨੋਟ ਘਰ 'ਚ ਛਾਪੇ ਸਨ। ਉਸ ਨੇ ਦੱਸਿਆ ਕਿ ਜਦੋਂ ਪੁਲਸ ਨੇ ਐਤਵਾਰ ਸ਼ਾਮ ਨੂੰ ਛਾਪੇਮਾਰੀ ਕੀਤੀ ਤਾਂ ਪ੍ਰਿੰਟੇਡ ਕਲਰ ਨਕਲੀ ਕਰੰਸੀ ਨੂੰ ਬੋਰੀਆਂ ਵਿਚ ਪਾ ਕੇ ਪਾਨੀਪਤ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਸੰਜੇ ਦੇ ਘਰੋਂ 8 ਕਰੋੜ 42 ਲੱਖ 60 ਹਜ਼ਾਰ ਰੁਪਏ ਦੀ ਨਕਲੀ ਪ੍ਰਿੰਟੇਡ ਪੁਰਾਣੀ ਕਰੰਸੀ ਬਰਾਮਦ ਕੀਤੀ ਸੀ। ਜਿਸ 'ਚ 7 ਕਰੋੜ 99 ਲੱਖ 75 ਹਜ਼ਾਰ ਰੁਪਏ ਦੇ ਇਕ-ਇਕ ਹਜ਼ਾਰ ਦੇ ਨੋਟ ਸਨ, ਜਦੋਂ ਕਿ 42 ਲੱਖ 85 ਹਜ਼ਾਰ ਰੁਪਏ ਦੇ 500-500 ਦੇ ਨੋਟ ਸਨ।

ਪੁਲਸ ਨੇ ਦੱਸਿਆ ਕਿ ਨਵੰਬਰ ਤੋਂ ਸੰਜੇ ਕਲਰ ਪ੍ਰਿੰਟਰ ਦੀ ਮਦਦ ਨਾਲ ਪੁਰਾਣੀ ਜਾਅਲੀ ਕਰੰਸੀ ਤਿਆਰ ਕਰਨ 'ਚ ਲੱਗਾ ਹੋਇਆ ਸੀ। ਅਸੰਧ 'ਚ ਪੈਟਰੋਲ ਪੰਪ ਚਲਾਉਣ ਵਾਲਾ ਭਾਰਤ ਭੂਸ਼ਣ ਦੋਸ਼ੀ ਸੰਜੇ ਦੇ ਸੰਪਰਕ 'ਚ ਸੀ ਅਤੇ ਉਸ ਨੇ ਪਾਨੀਪਤ ਦੇ ਰਹਿਣ ਵਾਲੇ ਸੁਨੀਲ ਨਾਲ 25 ਫੀਸਦੀ ਦੀ ਦਰ ਨਾਲ ਨਕਲੀ ਪੁਰਾਣੇ ਨੋਟਾਂ ਨੂੰ ਨਵੀਂ ਕਰੰਸੀ 'ਚ ਬਦਲਣ ਲਈ ਸਮਝੌਤਾ ਕੀਤਾ ਸੀ। ਉਸ ਨੇ ਦੱਸਿਆ ਕਿ ਹਰਦੀਪ ਅਤੇ ਮੁਸਕੀਨ ਦੋਵੇਂ ਭਾਰਤ ਭੂਸ਼ਣ ਦੇ ਪੈਟਰੋਲ ਪੰਪ 'ਤੇ ਸੇਲਜ਼ਮੈਨ ਹਨ। ਮੁਲਜ਼ਮ ਸੁਨੀਲ ਨੇ ਪੁਰਾਣੀ ਜਾਅਲੀ ਕਰੰਸੀ ਨੂੰ ਨਵੀਂ ਕਰੰਸੀ 'ਚ ਬਦਲਣ ਲਈ ਕਿਸੇ ਧਿਰ ਨਾਲ ਸਮਝੌਤਾ ਕੀਤਾ। ਪੁਲਸ ਨੇ ਦੱਸਿਆ ਕਿ ਸੰਜੇ ਦੀ ਮਾਂ ਸਾਲ 2005 'ਚ ਪਿੰਡ ਦੀ ਸਰਪੰਚ ਰਹੀ ਸੀ, ਜਦਕਿ ਸੰਜੇ ਪਸ਼ੂਆਂ ਦਾ ਕਾਰੋਬਾਰ ਕਰਦਾ ਸੀ। ਇਸ ਦੇ ਨਾਲ ਹੀ ਸੰਜੇ 'ਤੇ ਕਰਜ਼ਾ ਵੀ ਸੀ, ਜਿਸ ਤੋਂ ਬਾਅਦ ਉਸ ਨੇ ਨਕਲੀ ਰੰਗ ਦੀ ਪ੍ਰਿੰਟਿਡ ਪੁਰਾਣੀ ਕਰੰਸੀ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ।


author

DIsha

Content Editor

Related News