ਆਫ ਦਿ ਰਿਕਾਰਡ : ਘਟੀਆ ਸਾਮਾਨ ਬਣਾਉਣ ਵਾਲੀਆਂ 130 ਚੀਨੀ ਕੰਪਨੀਆਂ ''ਤੇ ਬੈਨ
Tuesday, Oct 13, 2020 - 10:03 AM (IST)
ਨਵੀਂ ਦਿੱਲੀ : ਚੀਨੀ ਮੂਲ ਦੀਆਂ ਕੰਪਨੀਆਂ ਨੂੰ ਘਰੇਲੂ ਬਾਜ਼ਾਰ 'ਚ ਘਟੀਆ ਵਸਤਾਂ ਵੇਚਣ ਤੋਂ ਰੋਕਣ ਲਈ ਸਰਕਾਰ 130 ਚੀਨੀ ਕੰਪਨੀਆਂ ਦੀਆਂ ਵਸਤਾਂ ਦੀ ਦਰਾਮਦ 'ਤੇ ਮੁਕੰਮਲ ਪਾਬੰਦੀ ਲਾ ਚੁੱਕੀ ਹੈ। ਇਨ੍ਹਾਂ 'ਚ 7 ਮੋਬਾਈਲ ਫੋਨ ਕੰਪਨੀਆਂ ਵੀ ਸ਼ਾਮਲ ਹਨ। ਸੂਚਨਾ ਟੈਕਨਾਲੋਜੀ ਮੰਤਰਾਲਾ ਦੇ ਸੂਤਰਾਂ ਮੁਤਾਬਕ ਇਨ੍ਹਾਂ ਕੰਪਨੀਆਂ 'ਤੇ 2015 ਤੋਂ ਨਜ਼ਰ ਰੱਖੀ ਜਾ ਰਹੀ ਸੀ। ਇਹ ਨਿਰਦੇਸ਼ ਇਨ੍ਹਾਂ ਵਸਤਾਂ ਦੀ ਵਰਤੋਂ ਦੌਰਾਨ ਤਾਪਮਾਨ ਵੱਧਣ ਅਤੇ ਅੱਗ ਲੱਗਣ ਦੀਆਂ ਸ਼ਿਕਾਇਤਾਂ ਮਿਲਣ ਪਿੱਛੋਂ ਦਿੱਤੇ ਗਏ ਸਨ।
ਇਹ ਵਸਤਾਂ ਬਿਜਲੀ ਦੇ ਝਟਕੇ ਅਤੇ ਹੋਰਨਾਂ ਖਤਰਿਆਂ ਪ੍ਰਤੀ ਵੀ ਸੁਰੱਖਿਆ ਪੈਮਾਨੇ 'ਤੇ ਖਰੀਆਂ ਨਹੀਂ ਉਤਰੀਆਂ। ਜਿਨ੍ਹਾਂ ਚੀਨੀ ਕੰਪਨੀਆਂ ਦੀਆਂ ਵਸਤਾਂ 'ਤੇ ਰੋਕ ਲਾਈ ਗਈ, ਉਹ ਵੱਡੀ ਪੱਧਰ 'ਤੇ ਪ੍ਰੋਗਰਾਮਿੰਗ ਪਰਸਨਲ ਕੰਪਿਊਟਰ, ਬੈਟਰੀ, ਮਾਈਕ੍ਰੋਵੇਵ, ਓਵਨ, ਸੈੱਟਟਾਪ ਬਾਕਸ, ਪ੍ਰਿੰਟਰ, ਸਕੈਨਰ, ਯੂ.ਪੀ.ਐੱਸ., ਪਾਵਰ ਅਡਾਪਟਰ, ਪ੍ਰੋਜੈਕਟਰ, ਐਂਪਲੀਫਾਇਰ, ਐੱਲ.ਈ.ਡੀ. ਟੀ.ਵੀ, ਟੈਬਲੇਟ ਅਤੇ ਵਾਇਰਲੈੱਸ ਬੋਰਡ ਬਣਾਉਣ ਦਾ ਕੰਮ ਕਰਦੀਆਂ ਹਨ।
ਸੂਚਨਾ ਟੈਕਨਾਲੋਜੀ ਮੰਤਰਾਲਾ ਦੇ ਰਾਜ ਮੰਤਰੀ ਸੰਜੇ ਨੇ ਵੀ ਹੁਣੇ ਜਿਹੇ ਹੀ ਸੰਪਨ ਹੋਏ ਲੋਕ ਸਭਾ ਦੇ ਮਾਨਸੂਨ ਸਮਾਗਮ 'ਚ ਇਹ ਗੱਲ ਮੰਨੀ ਸੀ ਕਿ ਬੀ.ਆਈ.ਐੱਸ. ਵੱਲੋਂ ਤਹਿ ਕੀਤੇ ਗਏ ਸੁਰੱਖਿਆ ਪੈਮਾਨਿਆਂ ਦੇ ਪਾਲਨ 'ਚ ਨਾਕਾਮ ਰਹਿਣ ਵਾਲੀਆਂ ਵਸਤਾਂ ਦੀ ਭਾਰਤ ਦੀ ਵਿਕਰੀ 'ਤੇ ਪਾਬੰਦੀ ਲਾਈ ਗਈ ਹੈ। ਵਸਤਾਂ ਦੀ ਗੁਣਵੱਤਾ ਦੀ ਜਾਂਚ ਬੀ.ਆਈ.ਐੱਸ ਦੀਆਂ ਰਜਿਸਟਰਡ ਲੈਬਾਰਟਰੀਆਂ 'ਚ ਕੀਤੀ ਜਾਂਦੀ ਹੈ।
ਮੰਤਰਾਲਾ ਵੱਲੋਂ ਇਨ੍ਹਾਂ ਨੋਟੀਫਾਈ ਵਸਤਾਂ ਦੀ ਨਿਗਰਾਨੀ ਕੀਤੀ ਜਾਂਦੀ ਹੈ। ਸਰਕਾਰ ਦੇ ਉਕਤ ਕਦਮ ਨਾਲ ਚੀਨ ਤੋਂ ਹੋਣ ਵਾਲੀ ਦਰਾਮਦ 'ਚ ਕਮੀ ਆਵੇਗੀ। ਨਾਲ ਹੀ ਚੀਨੀ ਕੰਪਨੀਆਂ ਸਸਤਾ ਮਾਲ ਵੇਚਣ ਲਈ ਗੁਣਵੱਤਾ ਨਾਲ ਸਮਝੋਤਾ ਕਰਨ ਤੋਂ ਨਹੀਂ ਝਿਜਕਦੀਆਂ। ਕਈ ਮਾਮਲਿਆਂ 'ਚ ਇਹ ਵੇਖਿਆ ਗਿਆ ਹੈ ਕਿ ਚੀਨ ਦੀਆਂ ਕੰਪਨੀਆਂ ਵਰਤੇ ਗਏ ਕਲਪੁਰਜ਼ਿਆਂ ਦੀ ਮੁੜ ਤੋਂ ਵਰਤੋਂ ਕਰਨ ਲੈਂਦੀਆਂ ਹਨ। ਚੀਨ 'ਚ ਅਜਿਹੇ ਸਾਮਾਨ ਨੂੰ ਪਾਸ ਕਰ ਦਿੱਤਾ ਜਾਂਦਾ ਹੈ ਪਰ ਅਸਲੀ ਪ੍ਰੇਸ਼ਾਨੀ ਭਾਰਤੀ ਗਾਹਕਾਂ ਅਤੇ ਕਾਰੋਬਾਰੀਆਂ ਨੂੰ ਝੱਲਣੀ ਪੈਂਦੀ ਹੈ। ਗੁਣਵੱਤਾ ਦੇ ਮਾਮਲੇ 'ਚ ਭਾਰਤੀ ਕੰਪਨੀਆਂ ਨੇ ਦੇਸ਼ੀ-ਵਿਦੇਸ਼ੀ ਬਾਜ਼ਾਰ 'ਚ ਚੰਗੀ ਸਾਖ ਬਣਾਈ ਹੈ। ਸਰਕਾਰ ਦੇ ਇਸ ਕਦਮ ਦਾ ਲਾਭ ਯਕੀਨੀ ਤੌਰ 'ਤੇ ਦੇਸੀ ਕੰਪਨੀਆਂ ਨੂੰ ਮਿਲਣ ਚਾਹੀਦਾ ਹੈ।