ਓਡੀਸ਼ਾ ਰੇਲ ਹਾਦਸਾ: ਪਤਨੀ ਨੂੰ ਗੁਆ ਚੁੱਕੇ ਵਿਲਕਦੇ ਪਤੀ ਦੇ ਭਾਵੁਕ ਬੋਲ- ਹੁਣ ਮੈਂ 10 ਲੱਖ ਦਾ ਕੀ ਕਰਾਂਗਾ?
Monday, Jun 05, 2023 - 03:58 PM (IST)
ਬਾਲਾਸੋਰ- ਓਡੀਸ਼ਾ ਦੇ ਬਾਲਾਸੋਰ 'ਚ ਸ਼ੁੱਕਰਵਾਰ ਸ਼ਾਮ ਨੂੰ ਵਾਪਰੇ ਭਿਆਨਕ ਰੇਲ ਹਾਦਸੇ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਓਡੀਸ਼ਾ ਵਿਚ ਸ਼ੁੱਕਰਵਾਰ ਨੂੰ ਵਾਪਰੇ ਰੇਲ ਹਾਦਸੇ 'ਚ 275 ਲੋਕਾਂ ਦੀ ਮੌਤ ਹੋ ਗਈ। ਇਸ ਭਿਆਨਕ ਰੇਲ ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਦੇ ਵਾਰਸਾਂ ਨੂੰ ਰੇਲ ਮੰਤਰਾਲਾ ਨੇ ਮੁਆਵਜ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਮ੍ਰਿਤਕਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦੀ ਆਰਥਿਕ ਮਦਦ ਰਾਸ਼ੀ ਦਿੱਤੀ ਜਾਵੇਗੀ। ਉੱਥੇ ਹੀ ਇਸ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਨੂੰ 2-2 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਮੌਤਾਂ ਦੀ ਗਿਣਤੀ ਨੂੰ ਲੈ ਕੇ ਭੰਬਲਭੂਸੇ 'ਚ ਸਰਕਾਰ, ਹੁਣ ਤੱਕ 108 ਦੀ ਹੋ ਸਕੀ ਪਛਾਣ
ਬਿਨੋਦ ਨਾਂ ਦੇ ਸ਼ਖ਼ਸ ਨੂੰ ਮਿਲੀ ਮੁਆਵਜ਼ਾ ਰਾਸ਼ੀ
ਇਸ ਰੇਲ ਹਾਦਸੇ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਗੁਆਉਣ ਵਾਲਿਆਂ 'ਚ ਬਿਨੋਦ ਦਾਸ ਨਾਮ ਦੇ ਇਕ ਵਿਅਕਤੀ ਨੂੰ ਹੁਣ ਮੁਆਵਜ਼ਾ ਰਾਸ਼ੀ ਮਿਲ ਗਈ ਹੈ। ਇਸ ਹਾਦਸੇ 'ਚ ਬਿਨੋਦ ਨੇ ਆਪਣੀ ਪਤਨੀ ਅਤੇ ਧੀ ਨੂੰ ਗੁਆ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬਿਨੋਦ ਦੀ ਉਮਰ 48 ਸਾਲ ਹੈ, ਜੋ ਬਾਲਾਸੋਰ ਦਾ ਰਹਿਣ ਵਾਲਾ ਹੈ। ਬਿਨੋਦ ਦੀ ਪਤਨੀ ਝਰਨਾ ਦਾਸ (42 ਸਾਲ) ਅਤੇ ਧੀ ਵਿਸ਼ਨੂੰਪ੍ਰਿਆ ਦਾਸ (24 ਸਾਲ) ਬਾਲਾਸੋਰ ਤੋਂ ਕਟਕ ਜਾ ਰਹੀਆਂ ਸਨ, ਜਿੱਥੇ ਉਨ੍ਹਾਂ ਦੀ ਇਕ ਡਾਕਟਰ ਨਾਲ ਮੁਲਾਕਾਤ ਸੀ। ਰੇਲ ਹਾਦਸੇ ਵਿਚ ਮਾਂ-ਧੀ ਦੋਵਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਰੇਲਵੇ ਨੇ ਬਿਨੋਦ ਨੂੰ 10 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਹੈ।
ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸੇ ਦਾ ਖ਼ੌਫਨਾਕ ਮੰਜ਼ਰ; ਮਾਪੇ ਮਰ ਚੁੱਕੇ ਸਨ, ਰੋਂਦੇ-ਰੋਂਦੇ ਬੱਚੇ ਨੇ ਵੀ ਤੋੜਿਆ ਦਮ
ਮੈਂ ਇਸ ਰਕਮ ਦਾ ਕੀ ਕਰਾਂਗਾ - ਬਿਨੋਦ
ਮੀਡੀਆ ਰਿਪੋਰਟਾਂ ਮੁਤਾਬਕ ਮੁਆਵਜ਼ਾ ਲੈਣ ਤੋਂ ਬਾਅਦ ਬਿਨੋਦ ਨੇ ਕਿਹਾ ਕਿ ਇਸ ਹਾਦਸੇ 'ਚ ਮੈਂ ਆਪਣੀ ਪਤਨੀ ਅਤੇ ਬੇਟੀ ਨੂੰ ਗੁਆ ਦਿੱਤਾ ਹੈ। ਉਹ ਬਾਲਾਸੋਰ ਤੋਂ ਕਟਕ ਜਾ ਰਹੀਆਂ ਸਨ, ਜਿੱਥੇ ਉਸ ਨੇ ਡਾਕਟਰ ਨੂੰ ਮਿਲਣਾ ਸੀ। ਮੈਨੂੰ ਪਤਾ ਲੱਗਾ ਕਿ ਟਰੇਨ ਦਾ ਐਕਸੀਡੈਂਟ ਹੋ ਗਿਆ ਹੈ। ਬਿਨੋਦ ਨੇ ਦੱਸਿਆ ਕਿ ਮੈਂ ਬਾਲਾਸੋਰ, ਸੋਰੋ, ਗੋਪਾਲਪੁਰ 'ਚ ਥਾਂ-ਥਾਂ ਲਾਸ਼ਾਂ ਲੱਭੀਆਂ। ਐਤਵਾਰ (4 ਜੂਨ) ਦੁਪਹਿਰ ਕਰੀਬ 12 ਵਜੇ ਮੈਨੂੰ ਮੇਰੀ ਪਤਨੀ ਅਤੇ ਧੀ ਦੀਆਂ ਲਾਸ਼ਾਂ ਮਿਲੀਆਂ। ਬਿਨੋਦ ਨੇ ਰੋਂਦੇ ਹੋਏ ਕਿਹਾ ਕਿ ਮੈਂ ਇਸ ਰਕਮ ਦਾ ਕੀ ਕਰਾਂਗਾ। ਮੇਰਾ ਪੂਰਾ ਪਰਿਵਾਰ ਚਲਾ ਗਿਆ ਹੈ। ਉਹ ਹੁਣ ਕਦੇ ਵੀ ਮੇਰੇ ਕੋਲ ਵਾਪਸ ਨਹੀਂ ਆਉਣਗੇ।
ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: 200 ਲਾਸ਼ਾਂ ਦੀ ਨਹੀਂ ਹੋ ਸਕੀ ਪਛਾਣ, ਤਸਵੀਰਾਂ 'ਚ ਆਪਣਿਆਂ ਨੂੰ ਲੱਭਦੇ ਪਰਿਵਾਰ