ਓਡੀਸ਼ਾ ਰੇਲ ਹਾਦਸਾ: ਖੜਗੇ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- CBI ਰੇਲ ਹਾਦਸਿਆਂ ਦੀ ਜਾਂਚ ਲਈ ਨਹੀਂ

Monday, Jun 05, 2023 - 01:23 PM (IST)

ਓਡੀਸ਼ਾ ਰੇਲ ਹਾਦਸਾ: ਖੜਗੇ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- CBI ਰੇਲ ਹਾਦਸਿਆਂ ਦੀ ਜਾਂਚ ਲਈ ਨਹੀਂ

ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਸੋਮਵਾਰ ਨੂੰ ਸਰਕਾਰ 'ਤੇ ਓਡੀਸ਼ਾ ਰੇਲ ਹਾਦਸੇ ਨੂੰ ਲੈ ਕੇ ਜਵਾਬਦੇਹੀ ਤੈਅ ਕਰਨ ਦੇ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਨ ਅਤੇ ਧਿਆਨ ਭਟਕਾਉਣ ਖ਼ਿਲਾਫ਼ ਅਪੀਲ ਕਰਦਿਆਂ ਕਿਹਾ ਕਿ ਇਸ ਹਾਦਸੇ ਦੇ ਸਾਰੇ ਪਹਿਲੂਆਂ ਦੀ ਜਾਂਚ ਕਰ ਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਇਸ ਹਾਦਸੇ ਦੀ ਸੀ. ਬੀ. ਆਈ. ਜਾਂਚ ਦੇ ਫ਼ੈਸਲੇ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਖੜਗੇ ਦੇ ਦਾਅਵਾ ਕੀਤਾ ਕਿ ਏਜੰਸੀ ਅਪਰਾਧਕ ਮਾਮਲਿਆਂ ਦੀ ਛਾਣਬੀਣ ਲਈ ਬਣੀ ਹੈ ਅਤੇ ਇਹ  ਅਜਿਹੇ ਮਾਮਲੇ ਵਿਚ ਤਕਨੀਕੀ, ਸੰਸਥਾਗਤ ਅਤੇ ਸਿਆਸੀ ਅਸਫਲਤਾ ਦੀ ਜਵਾਬਦੇਹੀ ਤੈਅ ਨਹੀਂ ਕਰ ਸਕਦੀ।

ਖੜਗੇ ਨੇ ਚਿੱਠੀ ਵਿਚ ਕਿਹਾ ਕਿ ਓਡੀਸ਼ਾ ਦੇ ਬਾਲਾਸੋਰ 'ਚ ਵਾਪਰਿਆ ਰੇਲ ਹਾਦਸਾ ਭਾਰਤੀ ਇਤਿਹਾਸ ਦਾ ਸਭ ਤੋਂ ਭਿਆਨਕ ਹਾਦਸਾ ਹੈ, ਜਿਸ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਰੇਲ ਲੋਕਾਂ ਲਈ ਟਰਾਂਸਪੋਰਟ ਦਾ ਸਭ ਤੋਂ ਭਰੋਸੇਮੰਦ ਅਤੇ ਸਸਤਾ ਸਾਧਨ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੇ ਕਈ ਅਜਿਹੇ ਫ਼ੈਸਲੇ ਇਸ ਦਰਮਿਆਨ ਲਏ ਗਏ ਹਨ, ਜਿਸ ਨਾਲ ਰੇਲ ਯਾਤਰਾ ਅਸੁਰੱਖਿਅਤ ਹੋ ਗਈ ਹੈ ਅਤੇ ਜਨਤਾ ਦੀਆਂ ਸਮੱਸਿਆਵਾਂ ਵਧਦੀਆਂ ਗਈਆਂ ਹਨ। ਖੜਗੇ ਨੇ ਕਿਹਾ ਕਿ ਰੇਲਵੇ ਵਿਚ ਕਰੀਬ 3 ਲੱਖ ਅਹੁਦੇ ਖਾਲੀ ਹਨ, ਜਿਸ ਖੇਤਰ ਵਿਚ ਇਹ ਹਾਦਸਾ ਵਾਪਰਿਆ, ਉਸ ਪੂਰਬੀ ਤੱਟ ਰੇਲਵੇ 'ਚ 8,278 ਅਹੁਦੇ ਖਾਲੀ ਹਨ। ਇਹ ਹੀ ਹਾਲ ਉੱਚ ਅਹੁਦਿਆਂ ਦਾ ਹੈ, ਜਿਨ੍ਹਾਂ ਦੀ ਭਰਤੀ 'ਚ ਪ੍ਰਧਾਨ ਮੰਤਰੀ ਦਫ਼ਤਰ ਅਤੇ ਕੈਬਨਿਟ ਕਮੇਟੀ ਦੀ ਭੂਮਿਕਾ ਹੁੰਦੀ ਹੈ। 

ਖੜਗੇ ਨੇ ਕਿਹਾ ਕਿ ਸੀ. ਬੀ. ਆਈ ਰੇਲ ਹਾਦਸਿਆਂ ਦੀ ਜਾਂਚ ਕਰਨ ਲਈ ਨਹੀਂ ਹੈ, ਇਹ ਅਪਰਾਧਾਂ ਦੀ ਜਾਂਚ ਕਰਦੀ ਹੈ। ਸੀ. ਬੀ. ਆਈ ਜਾਂ ਕੋਈ ਹੋਰ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਤਕਨੀਕੀ, ਸੰਸਥਾਗਤ ਜਾਂ ਸਿਆਸੀ ਅਸਫਲਤਾਵਾਂ ਲਈ ਜਵਾਬਦੇਹੀ ਤੈਅ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ 2016 ਵਿਚ ਕਾਨਪੁਰ ਰੇਲ ਹਾਦਸੇ ਵੇਲੇ ਸਰਕਾਰ ਨੇ ਐਨ. ਆਈ. ਏ ਨੂੰ ਇਸਦੀ ਜਾਂਚ ਕਰਨ ਲਈ ਕਿਹਾ ਸੀ।


author

Tanu

Content Editor

Related News