500 ਰੁਪਏ ਬਦਲੇ ਬੱਚੇ ਦੀ ਕੁੱਟਮਾਰ, ਵਾਪਰ ਗਿਆ ਖ਼ੌਫ਼ਨਾਕ ਭਾਣਾ

9/24/2020 12:09:27 PM

ਬਾਰੀਪਦਾ- ਓਡੀਸ਼ਾ ਦੇ ਮਊਰਭੰਜ ਜ਼ਿਲ੍ਹੇ 'ਚ ਕਥਿਤ ਤੌਰ 'ਤੇ 500 ਰੁਪਏ ਚੋਰੀ ਕਰਨ ਨੂੰ ਲੈ ਕੇ ਇਕ ਜਨਾਨੀ ਨੇ 14 ਸਾਲਾ ਇਕ ਮੁੰਡੇ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਕਰਾਂਜੀਆ ਥਾਣਾ ਖੇਤਰ ਦੇ ਕਿਆਪਾਨੋਪੋਸ਼ੀ ਪਿੰਡ 'ਚ ਇਹ ਵਾਰਦਾਤ ਹੋਈ। ਪੁਲਸ ਅਨੁਸਾਰ ਜਮਾਤ 7ਵੀਂ ਦੇ ਵਿਦਿਆਰਥੀ ਰਾਜਨ ਬਹੇਰਾ ਮੰਗਲਵਾਰ ਨੂੰ ਆਪਣੇ ਦੋਸਤ ਦੇ ਘਰ ਗਿਆ ਸੀ ਅਤੇ ਕੁਝ ਦੇਰ ਬਾਅਦ ਆਪਣੇ ਘਰ ਵਾਪਸ ਆਇਆ। ਜਦੋਂ ਉਹ ਆਪਣੇ ਦੋਸਤ ਦੇ ਘਰ ਗਿਆ ਸੀ, ਉਦੋਂ ਉਸ ਦੀ ਮਾਂ ਘਰ ਨਹੀਂ ਸੀ। ਜਦੋਂ ਉਹ ਘਰ ਵਾਪਸ ਆਈ ਤਾਂ ਉਸ ਨੇ 500 ਰੁਪਏ ਗਾਇਬ ਦੇਖੇ।

ਜਾਂਚ ਅਧਿਕਾਰੀ ਸਤਿਆਨਾਰਾਇਣ ਕੋਲਾ ਨੇ ਦੱਸਿਆ ਕਿ ਰਾਜਨ ਦੇ ਦੋਸਤ ਦੀ ਮਾਂ ਨੇ ਪਹਿਲਾਂ ਆਪਣੇ ਬੇਟੇ ਤੋਂ ਪੁੱਛਿਆ ਅਤੇ ਫਿਰ ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਉਸ ਦੀ ਗੈਰ-ਹਾਜ਼ਰੀ 'ਚ ਉਸ ਦੇ ਬੇਟੇ ਦਾ ਦੋਸਤ ਆਇਆ ਸੀ, ਉਦੋਂ ਉਸ ਨੇ ਰਾਜਨ ਨੂੰ ਬੁਲਾਇਆ। ਕੋਲਾ ਅਨੁਸਾਰ ਸਸ਼ਮਿਤਾ ਬਹੇਰਾ ਨਾਮੀ ਇਕ ਜਨਾਨੀ ਨੇ ਰਾਜਨ ਨੂੰ ਡੰਡੇ ਨਾਲ ਬੁਰੀ ਤਰ੍ਹਾਂ ਕੁੱਟਿਆ। ਰਾਜਨ ਨੇ ਘਰ ਪਹੁੰਚਣ ਤੋਂ ਬਾਅਦ ਦਮ ਤੋੜ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪਿੰਡ ਵਾਸੀਆਂ ਵਲੋਂ ਸੂਚਿਤ ਕੀਤੇ ਜਾਣ ਤੋਂ ਬਾਅਦ ਪੁਲਸ ਨੇ ਬੁੱਧਵਾਰ ਨੂੰ ਕਤਲ ਦਾ ਮਾਮਲਾ ਦਰਜ ਕੀਤਾ ਅਤੇ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਦੇ ਆਧਾਰ 'ਤੇ ਜਨਾਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


DIsha

Content Editor DIsha