ਓਡੀਸ਼ਾ ਵਿਧਾਨ ਸਭਾ ''ਚ ਭਾਜਪਾ ਵਿਧਾਇਕ ਨੇ ਸੈਨੀਟਾਈਜ਼ਰ ਪੀ ਕੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼
Saturday, Mar 13, 2021 - 11:29 AM (IST)
ਭੁਵਨੇਸ਼ਵਰ- ਓਡੀਸ਼ਾ ਵਿਧਾਨ ਸਭਾ 'ਚ ਕਿਸਾਨਾਂ ਤੋਂ ਅਨਾਜ ਖਰੀਦ 'ਚ ਕੁਪ੍ਰਬੰਧਨ ਨੂੰ ਲੈ ਕੇ ਹੰਗਾਮਾ ਪ੍ਰਦਰਸ਼ਨ ਨੇ ਉਸ ਸਮੇਂ ਗਲਤ ਰੂਪ ਲੈ ਲਿਆ, ਜਦੋਂ ਇਸ ਮੁੱਦੇ 'ਤੇ ਸਰਕਾਰ ਦਾ ਵਿਰੋਧ ਕਰ ਰਹੇ ਭਾਜਪਾ ਵਿਧਾਇਕ ਨੇ ਸਦਨ 'ਚ ਹੀ ਖ਼ੁਦਕੁਸ਼ੀ ਕਰਨ ਲਈ ਸੈਨੀਟਾਈਜ਼ਰ ਪੀਣ ਦੀ ਕੋਸ਼ਿਸ਼ ਕੀਤੀ। ਦੇਵਗੜ੍ਹ ਸੀਟ ਤੋਂ ਭਾਜਪਾ ਵਿਧਾਇਕ ਸੁਭਾਸ਼ ਚੰਦਰ ਪਾਣਿਗ੍ਰਹੀ ਨੇ ਉਸ ਸਮੇਂ ਸੈਨੀਟਾਈਜ਼ਰ ਪੀਣ ਦੀ ਕੋਸ਼ਿਸ਼ ਕੀਤੀ ਜਦੋਂ ਸੂਬੇ ਦੇ ਫੂਡ ਅਤੇ ਸਪਲਾਈ ਮੰਤਰੀ ਆਰ.ਪੀ. ਸਵੈਨ ਅਨਾਜ ਖਰੀਦ 'ਤੇ ਬਿਆਨ ਪੜ੍ਹ ਰਹੇ ਸਨ। ਵਿਰੋਧੀ ਭਾਜਪਾ ਅਤੇ ਕਾਂਗਰਸ ਦੇ ਮੈਂਬਰਾਂ ਨੇ ਲੰਚ ਬਰੇਕ ਤੋਂ ਪਹਿਲਾਂ ਸਦਨ ਦੀ ਕਾਰਵਾਈ ਰੋਕੀ, ਜਿਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਐੱਸ.ਐੱਨ. ਪਾਤਰੋ ਨੇ ਮੰਤਰੀ ਨੂੰ ਸਦਨ 'ਚ ਬਿਆਨ ਦੇਣ ਲਈ ਕਿਹਾ। ਸਦਨ ਦੀ ਕਾਰਵਾਈ 2 ਵਾਰ ਮੁਲਤਵੀ ਹੋਣ ਤੋਂ ਬਾਅਦ ਜਦੋਂ ਸ਼ਾਮ 4 ਵਜੇ ਮੁੜ ਸ਼ੁਰੂ ਹੋਈ ਤਾਂ ਮੰਤਰੀ ਨੇ ਬਿਆਨ ਪੜ੍ਹਨਾ ਸ਼ੁਰੂ ਕੀਤਾ, ਉਦੋਂ ਸੁਭਾਸ਼ ਚੰਦਰ ਆਪਣੀ ਸੀਟ 'ਤੇ ਖੜ੍ਹੇ ਹੋਏ ਅਤੇ ਆਪਣੀ ਜੇਬ 'ਚੋਂ ਸੈਨੀਟਾਈਜ਼ਰ ਦੀ ਬੋਤਲ ਕੱਢੀ ਅਤੇ ਪੀਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕੋਲ ਬੈਠੀ ਭਾਜਪਾ ਵਿਧਾਇਕ ਕੁਸੁਮ ਟੇਟੇ ਨੇ ਪਹਿਲਾਂ ਦੇਵਗੜ੍ਹ ਦੇ ਵਿਧਾਇਕ ਨੂੰ ਅਜਿਹਾ ਕਰਨ ਤੋਂ ਰੋਕਿਆ। ਇਸ ਤੋਂ ਬਾਅਦ ਸੰਸਦੀ ਕਾਰਜਮੰਤਰੀ ਬੀ.ਕੇ. ਅਰੁਖ ਅਤੇ ਸਰਕਾਰ ਦੀ ਮੁੱਖ ਸਚੇਤਕ ਪ੍ਰਮਿਲਾ ਮਲਿਕ ਨੇ ਦਖ਼ਲਅੰਦਾਜ਼ੀ ਕੀਤੀ ਅਤੇ ਭਾਜਪਾ ਵਿਧਾਇਕ ਤੋਂ ਸੈਨੀਟਾਈਜ਼ਰ ਦੀ ਬੋਤਲ ਖੋਹ ਲਈ।
ਇਹ ਵੀ ਪੜ੍ਹੋ : ਨੌਕਰੀ ਦੇ ਨਾਮ 'ਤੇ ਹੋਈ ਠੱਗੀ, ਰੇਲਵੇ ਟ੍ਰੈਕ 'ਤੇ ਪੈਦਲ ਚੱਲਕੇ ਦਿੱਲੀ ਤੋਂ ਧਨਬਾਦ ਪੁੱਜਿਆ ਬਜ਼ੁਰਗ
ਸਰਕਾਰ ਨੇ ਕਿਸਾਨਾਂ ਦੀ ਸਮੱਸਿਆ 'ਤੇ ਧਿਆਨ ਨਹੀਂ ਦਿੱਤਾ
ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸੁਭਾਸ਼ ਨੇ ਕਿਹਾ,''ਮੈਂ ਪਹਿਲਾਂ ਹੀ ਇਸ ਮੁੱਦੇ 'ਤੇ ਆਤਮਦਾਹ ਕਰਨ ਦੀ ਧਮਕੀ ਦਿੱਤੀ ਸੀ। ਇਸ ਦੇ ਬਾਵਜੂਦ ਸਰਕਾਰ ਨੇ ਕਿਸਾਨਾਂ ਦੀ ਸਮੱਸਿਆ 'ਤੇ ਧਿਆਨ ਨਹੀਂ ਦਿੱਤਾ, ਜੋ ਮੰਡੀਆਂ 'ਚ ਅਨਾਜ ਵੇਚਣ ਲਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।'' ਉਨ੍ਹਾਂ ਕਿਹਾ,''ਮੇਰੇ ਵਿਧਾਨ ਸਭਾ ਖੇਤਰ 'ਚ ਮੇਰੇ ਤੋਂ ਪਹਿਲਾਂ ਲੋਕ ਖ਼ੁਦਕੁਸ਼ੀ ਕਰਨ ਦੀ ਧਮਕੀ ਦੇ ਰਹੇ ਸਨ, ਇਸ ਲਈ ਮੈਂ ਸਦਨ 'ਚ ਸੈਨੀਟਾਈਜ਼ਰ ਪੀ ਕੇ ਅਜਿਹਾ ਕਰਨ ਦਾ ਫ਼ੈਸਲਾ ਕੀਤਾ।''
ਸੱਤਾਧਾਰੀ ਬੀਜੂ ਦਲ ਨੇ ਕੀਤੀ ਇਸ ਹਰਕਤ ਦੀ ਨਿੰਦਾ
ਭਾਜਪਾ ਵਿਧਾਇਕ ਨੇ ਕਿਹਾ ਕਿ ਇੱਥੇ ਤੱਕ ਸਰਕਾਰ ਵੀ ਕਿਸਾਨਾਂ ਦੇ ਹਿੱਤ 'ਚ ਕੰਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਜ਼ਮੀਨੀ ਸੱਚਾਈ ਵੱਖ ਹੈ। ਸੁਭਾਸ਼ ਨੇ ਕਿਹਾ,''ਮੇਰੇ ਕੋਲ ਇਹ ਸਖ਼ਤ ਕਦਮ ਚੁੱਕਣ ਤੋਂ ਇਲਾਵਾ ਕੋਈ ਬਦਲ ਨਹੀਂ ਸੀ। ਡਾਕਟਰਾਂ ਨੇ ਉਨ੍ਹਾ ਦੀ ਤੁਰੰਤ ਮੈਡੀਕਲ ਜਾਂਚ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਸਿਹਤ ਠੀਕ ਅਤੇ ਸਥਿਰ ਹੈ। ਹਾਲਾਂਕਿ ਸੱਤਾਧਾਰੀ ਬੀਜੂ ਦਲ (ਬੀਜਦ) ਦੇ ਸੀਨੀਅਰ ਮੈਂਬਰ ਅਤੇ ਬਾਲਾਸੋਰ ਜ਼ਿਲ੍ਹੇ ਦੇ ਭੋਗਰਾਈ ਸੀਟ ਤੋਂ ਵਿਧਾਇਕ ਅਨੰਤ ਦਾਸ ਨੇ ਕਿਹਾ ਕਿ ਵਿਧਾਇਕ ਦੀ ਇਹ ਹਰਕਤ ਨਾਮਨਜ਼ੂਰ ਹੈ।''
ਇਹ ਵੀ ਪੜ੍ਹੋ : ਵੱਡੀ ਸਫਲਤਾ: ਐੱਨ.ਆਈ.ਏ. ਨੇ ਰਾਮਗੜ੍ਹ ਵਿੱਚ ਖੇਤਾਂ 'ਚੋਂ ਬਰਾਮਦ ਕੀਤੇ 91 ਲੱਖ