ਕੁਝ ਮਦਰੱਸਿਆਂ ’ਚ ਪੜ੍ਹਾਈ ਜਾਣ ਵਾਲੀ ਇਤਰਾਜ਼ਯੋਗ ਸਮੱਗਰੀ ਦੀ ਹੋਵੇਗੀ ਜਾਂਚ : ਨਰੋਤਮ ਮਿਸ਼ਰਾ
Monday, Dec 19, 2022 - 01:07 PM (IST)
ਭੋਪਾਲ (ਵਾਰਤਾ)- ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਐਤਵਾਰ ਨੂੰ ਕਿਹਾ ਕਿ ਸੂਬੇ ਦੇ ਕੁਝ ਮਦਰੱਸਿਆਂ ’ਚ ਪੜ੍ਹਾਈ ਜਾ ਰਹੀ ਕਥਿਤ ਇਤਰਾਜ਼ਯੋਗ ਸਮੱਗਰੀ ਦੀ ਜਾਂਚ ਕੀਤੀ ਜਾਵੇਗੀ। ਸੂਬਾ ਸਰਕਾਰ ਦੇ ਬੁਲਾਰੇ ਮਿਸ਼ਰਾ ਨੇ ਇਕ ਸਵਾਲ ਦੇ ਜਵਾਬ ’ਚ ਪੱਤਰਕਾਰਾਂ ਨੂੰ ਕਿਹਾ ਕਿ ਕੁਝ ਮਦਰੱਸਿਆਂ ’ਚ ਇਤਰਾਜ਼ਯੋਗ ਸਮੱਗਰੀ ਪੜ੍ਹਾਉਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਹੈ। ਮਿਸ਼ਰਾ ਨੇ ਕਿਹਾ,‘‘ਮੈਂ ਵੀ ਉਸਨੂੰ (ਇਤਰਾਜ਼ਯੋਗ ਸਮੱਗਰੀ ਨੂੰ) ਪਹਿਲੀ ਸਰਸਰੀ ਨਜ਼ਰ ਨਾਲ ਦੇਖਿਆ ਹੈ। ਇਸ ਤਰ੍ਹਾਂ ਦੀ ਕਿਸੇ ਵੀ ਅਣਸੁਖਾਵੀ ਸਥਿਤੀ ਤੋਂ ਬਚਣ ਲਈ ਅਸੀਂ ਮਦਰੱਸਿਆਂ ਦੀ ਜੋ ਪੜ੍ਹਨ ਸਮੱਗਰੀ ਹੈ, ਉਸ ਨੂੰ ਜ਼ਿਲਾ ਮੈਜਿਸਟ੍ਰੇਟਾਂ ਨੂੰ ਕਹਿ ਕੇ ਸਬੰਧਿਤ ਸਿੱਖਿਆ ਵਿਭਾਗ ਤੋਂ ਇਸ ਦੀ ਜਾਂਚ ਕਰਵਾਉਣ ਅਤੇ ਪੜ੍ਹਨ ਸਮੱਗਰੀ ਦਰੁਸਤ ਰਹੇ ਇਹ ਵਿਵਸਥਾ ਯਕੀਨੀ ਕਰਨ ਲਈ ਕਹਾਂਗੇ। ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਉਹ ਕਿਹੜੇ ਮਦਰੱਸਿਆਂ ਦੀ ਗੱਲ ਕਰ ਰਹੇ ਹਨ।
ਕੁਝ ਵਰਗਾਂ ਨੇ ਸੂਬੇ ਦੇ ਕੁਝ ਸਥਾਨਾਂ ’ਤੇ ਮਦਰੱਸਿਆਂ ’ਚ ਪੜ੍ਹਾਏ ਜਾਣ ਵਾਲੇ ਕੁਝ ਵਿਸ਼ਿਆਂ ’ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਸਾਲ ਅਗਸਤ ’ਚ ਸੂਬੇ ਦੀ ਸੱਭਿਆਚਾਰ ਮੰਤਰੀ ਊਸ਼ਾ ਠਾਕੁਰ ਨੇ ਕਿਹਾ ਸੀ ਕਿ ਗੈਰ-ਕਾਨੂੰਨੀ ਤੌਰ ’ਤੇ ਚਲਾਏ ਜਾ ਰਹੇ ਮਦਰੱਸਿਆਂ ਦੀ ਮਨੁੱਖੀ ਸਮੱਗਲਿੰਗ ਲਈ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਅਜਿਹੀਆਂ ਥਾਵਾਂ ਦੀ ਜਾਂਚ ਹੋਣੀ ਚਾਹੀਦੀ ਹੈ। ਠਾਕੁਰ ਨੇ ਕਿਹਾ,‘‘ਬਾਲ ਕਮਿਸ਼ਨ ਦੇ ਅਧਿਕਾਰੀਆਂ ਨੇ ਹਾਲ ਹੀ ’ਚ ਗੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਅਜਿਹੇ ਮਦਰੱਸਿਆਂ ਦਾ ਅਚਾਨਕ ਨਿਰੀਖਣ ਕੀਤਾ।’’