ਨੁਸਰਤ ਜਹਾਂ ਨੂੰ ਸਾਹ ਲੈਣ ''ਚ ਤਕਲੀਫ, ਹਸਪਤਾਲ ''ਚ ਦਾਖਲ
Monday, Nov 18, 2019 - 05:57 PM (IST)

ਕੋਲਕਾਤਾ— ਅਭਿਨੇਤਰੀ ਅਤੇ ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਨੁਸਰਤ ਜਹਾਂ ਦੀ ਸਿਹਤ ਐਤਵਾਰ ਨੂੰ ਅਚਾਨਕ ਖਰਾਬ ਹੋ ਗਈ। ਉਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ ਹੋਣ ਕਾਰਨ ਕੋਲਕਾਤਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਸੋਮਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਪਰਿਵਾਰ ਮੁਤਾਬਕ ਨੁਸਰਤ ਨੂੰ ਰਾਤ ਸਾਢੇ 9 ਵਜੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉਨ੍ਹਾਂ ਨੂੰ ਆਈ. ਸੀ. ਯੂ. 'ਚ ਦਾਖਲ ਹੈ। ਉਨ੍ਹਾਂ ਦੀ ਹਾਲਤ ਸਥਿਰ ਹੈ, ਉਹ ਹੋਸ਼ ਵਿਚ ਹੈ। ਹਸਪਤਾਲ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਦੀ ਸਵੇਰ ਨੂੰ ਨੁਸਰਤ ਦੀ ਹਾਲਤ ਠੀਕ ਹੋਈ।
ਦੱਸਣਯੋਗ ਹੈ ਕਿ ਪੱਛਮੀ ਬੰਗਾਲ ਦੀ ਬਸ਼ੀਰਹਾਟ ਤੋਂ ਤ੍ਰਿਣਮੂਲ ਸੰਸਦ ਮੈਂਬਰ ਨੁਸਰਤ ਜਹਾਂ ਨੇ 3 ਲੱਖ ਤੋਂ ਵਧੇਰੇ ਵੋਟਾਂ ਨਾਲ ਲੋਕ ਸਭਾ ਚੋਣਾਂ ਜਿੱਤੀਆਂ ਸਨ। ਉਨ੍ਹਾਂ ਨੇ ਜੂਨ 'ਚ ਕਾਰੋਬਾਰੀ ਨਿਖਿਲ ਜੈਨ ਨਾਲ ਵਿਆਹ ਕੀਤਾ। ਹਸਪਤਾਲ ਵਿਚ ਦਾਖਲ ਹੋਣ ਕਾਰਨ ਨੁਸਰਤ ਨੇ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਹਿੱਸਾ ਨਹੀਂ ਲੈ ਸਕੀ।