ਭੋਪਾਲ ''ਚ ਨਰਸਰੀ ਦੀ ਵਿਦਿਆਰਥਣ ਨਾਲ ਸਕੂਲ ਬੱਸ ''ਚ ਡਰਾਈਵਰ ਨੇ ਕੀਤਾ ਜਬਰ ਜ਼ਿਨਾਹ

Tuesday, Sep 13, 2022 - 02:32 PM (IST)

ਭੋਪਾਲ ''ਚ ਨਰਸਰੀ ਦੀ ਵਿਦਿਆਰਥਣ ਨਾਲ ਸਕੂਲ ਬੱਸ ''ਚ ਡਰਾਈਵਰ ਨੇ ਕੀਤਾ ਜਬਰ ਜ਼ਿਨਾਹ

ਭੋਪਾਲ (ਭਾਸ਼ਾ)- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਨਰਸਰੀ 'ਚ ਪੜ੍ਹਨ ਵਾਲੀ ਸਾਢੇ ਤਿੰਨ ਸਾਲਾ ਵਿਦਿਆਰਥਣ ਨਾਲ ਉਸ ਦੀ ਸਕੂਲ ਬੱਸ ਦੇ ਡਰਾਈਵਰ ਨੇ ਵਾਹਨ ਅੰਦਰ ਕਥਿਤ ਤੌਰ ’ਤੇ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਪੁਲਸ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਇਸ ਮਾਮਲੇ ਵਿਚ ਬੱਸ ਡਰਾਈਵਰ ਅਤੇ ਇਕ ਮਹਿਲਾ ਅਟੈਂਡੈਂਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਬੱਚੀ ਦੇ ਮਾਤਾ-ਪਿਤਾ ਦੇ ਅਨੁਸਾਰ ਪਿਛਲੇ ਵੀਰਵਾਰ ਨੂੰ ਘਟਨਾ ਦੇ ਸਮੇਂ ਗੱਡੀ ਵਿੱਚ ਮੌਜੂਦ ਸੀ। ਸ਼ਹਿਰ ਦੇ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਨ ਵਾਲੀ ਇਹ ਬੱਸ ਰਾਹੀਂ ਘਰ ਪਰਤ ਰਹੀ ਸੀ। ਅਧਿਕਾਰੀ ਮੁਤਾਬਕ ਜਦੋਂ ਕੁੜੀ ਘਰ ਆਈ ਤਾਂ ਉਸ ਦੀ ਮਾਂ ਨੇ ਦੇਖਿਆ ਕਿ ਕਿਸੇ ਨੇ ਉਸ ਦੇ ਕੱਪੜੇ ਬਦਲ ਕੇ ਉਸ ਦੇ ਬਸਤੇ 'ਚ ਰੱਖੀ ਦੂਜੀ ਯੂਨੀਫਾਰਮ ਪਹਿਨਾਈ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਮਾਂ ਨੇ ਆਪਣੀ ਕੁੜੀ ਦੀ ਕਲਾਸ ਟੀਚਰ ਅਤੇ ਸਕੂਲ ਦੀ ਪ੍ਰਿੰਸੀਪਲ ਨਾਲ ਗੱਲ ਕੀਤੀ ਪਰ ਦੋਵਾਂ ਨੇ ਕੁੜੀ ਦੇ ਕੱਪੜੇ ਬਦਲਣ ਤੋਂ ਇਨਕਾਰ ਕਰ ਦਿੱਤਾ।

ਅਧਿਕਾਰੀ ਦੇ ਅਨੁਸਾਰ, ਬਾਅਦ 'ਚ ਬੱਚੀ ਨੇ ਆਪਣੇ ਗੁਪਤ ਅੰਗ 'ਚ ਦਰਦ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਵਿਸ਼ਵਾਸ 'ਚ ਲਿਆ ਅਤੇ ਉਸ ਦੀ ਕਾਊਂਸਲਿੰਗ ਕੀਤੀ। ਇਸ ਦੌਰਾਨ ਕੁੜੀ ਨੇ ਉਨ੍ਹਾਂ ਨੂੰ ਦੱਸਿਆ ਕਿ ਬੱਸ ਡਰਾਈਵਰ ਨੇ ਉਸ ਨਾਲ ਯੌਨ ਸ਼ੋਸ਼ਣ ਕੀਤਾ ਅਤੇ ਉਸ ਦੇ ਕੱਪੜੇ ਵੀ ਬਦਲੇ। ਅਧਿਕਾਰੀ ਮੁਤਾਬਕ ਕੁੜੀ ਦੇ ਮਾਪੇ ਅਗਲੇ ਦਿਨ ਸਕੂਲ ਪ੍ਰਬੰਧਕਾਂ ਨੂੰ ਸ਼ਿਕਾਇਤ ਕਰਨ ਲਈ ਗਏ। ਇਸ ਦੌਰਾਨ ਬੱਚੀ ਨੇ ਉਸ ਡਰਾਈਵਰ ਨੂੰ ਪਛਾਣ ਲਿਆ ਜਿਸ ਨੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ। ਸਹਾਇਕ ਪੁਲਸ ਕਮਿਸ਼ਨਰ ਨਿਧੀ ਸਕਸੈਨਾ ਨੇ ਦੱਸਿਆ ਕਿ ਬੱਚੀ ਦੇ ਮਾਪਿਆਂ ਨੇ ਸੋਮਵਾਰ ਨੂੰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬੱਚੀ ਦੇ ਮਾਪਿਆਂ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਘਟਨਾ ਸਮੇਂ ਬੱਸ ਵਿਚ ਇਕ ਮਹਿਲਾ ਸਹਾਇਕ ਵੀ ਮੌਜੂਦ ਸੀ।

ਸਕਸੈਨਾ ਮੁਤਾਬਕ ਦੋਸ਼ੀ ਬੱਸ ਡਰਾਈਵਰ ਅਤੇ ਮਹਿਲਾ ਅਟੈਂਡੈਂਟ (ਸਹਾਇਕ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਹਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 376-ਏਬੀ (12 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਬਲਾਤਕਾਰ) ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸਕਸੈਨਾ ਮੁਤਾਬਕ ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਘਟਨਾ ਕਿੱਥੇ ਹੋਈ। ਉਨ੍ਹਾਂ ਕਿਹਾ ਕਿ ਪੀੜਤਾ ਦੀ ਮੈਡੀਕਲ ਜਾਂਚ ਰਿਪੋਰਟ ਦੀ ਉਡੀਕ ਹੈ। ਇਸ ਮਾਮਲੇ 'ਤੇ ਟਿੱਪਣੀ ਲਈ ਸਕੂਲ ਦੀ ਪ੍ਰਿੰਸੀਪਲ ਨਾਲ ਸੰਪਰਕ ਨਹੀਂ ਹੋ ਸਕਿਆ।


author

DIsha

Content Editor

Related News