ਲੱਦਾਖ ''ਚ ਚੀਨ ਨੂੰ ਝੁਕਾਉਣ ਪਿੱਛੇ ਹੈ ਅਜੀਤ ਡੋਭਾਲ
Monday, Jul 06, 2020 - 11:31 PM (IST)
ਨਵੀਂ ਦਿੱਲੀ - ਗਲਵਾਨ ਘਾਟੀ ਤੋਂ ਚੀਨੀ ਫੌਜੀਆਂ ਨੂੰ ਪਿੱਛੇ ਧੱਕਣ ਲਈ ਨਰਿੰਦਰ ਮੋਦੀ ਸਰਕਾਰ ਨੇ ਆਪਣੇ ਸਭ ਤੋਂ ਮਜ਼ਬੂਤ ਰਣਨੀਤਕ ਹਥਿਆਰ ਦੀ ਵਰਤੋਂ ਕੀਤੀ ਹੈ। ਕੇਂਦਰ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਮੋਰਚੇ 'ਤੇ ਲਗਾ ਦਿੱਤਾ ਸੀ ਅਤੇ ਉਨ੍ਹਾਂ ਨੇ ਐਤਵਾਰ ਨੂੰ ਚੀਨੀ ਹਮਰੁਤਬਾ ਵਾਂਗ ਯੀ ਤੋਂ ਤਕਰੀਬਨ ਦੋ ਘੰਟੇ ਤੱਕ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ ਸੀ।
ਲੱਦਾਖ਼ ਸਰਹੱਦ 'ਤੇ ਦੋਹਾਂ ਧਿਰਾਂ ਦੇ ਫੌਜੀਆਂ ਦੇ ਪਿੱਛੇ ਹਟਣ ਦੀ ਵਜ੍ਹਾ ਇਹੀ ਗੱਲਬਾਤ ਹੈ। ਦੋਹਾਂ ਵਿਚਾਲੇ ਗੱਲਬਾਤ 'ਚ ਭਵਿੱਖ 'ਚ ਗਲਵਾਨ ਘਾਟੀ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਸ਼ਾਂਤੀ ਬਣਾਈ ਰੱਖਣ 'ਤੇ ਗੱਲ ਹੋਈ ਤਾਂ ਜੋ ਅੱਗੇ ਇਸ ਤਰ੍ਹਾਂ ਦੀ ਸਥਿਤੀ ਪੈਦਾ ਨਾ ਹੋਵੇ। ਗੱਲਬਾਤ ਦੌਰਾਨ ਦੋਵੇਂ ਧਿਰਾਂ ਇਸ ਗੱਲ 'ਤੇ ਵੀ ਸਹਿਮਤ ਨਜ਼ਰ ਆਏ ਕਿ ਛੇਤੀ ਤੋਂ ਛੇਤੀ ਵਿਵਾਦਤ ਖੇਤਰ ਤੋਂ ਫੌਜਾਂ ਪਿੱਛੇ ਹੱਟ ਜਾਣ ਅਤੇ ਉਥੇ ਸ਼ਾਂਤੀ ਬਹਾਲੀ ਹੋ ਜਾਵੇ।
ਸਰਹੱਦੀ ਸੁਰੱਖਿਆ ਅਤੇ ਚੀਨੀ ਨਿਵੇਸ਼ ਅਤੇ ਤੱਥ ਲੁਕਾ ਰਹੀ ਹੈ ਸਰਕਾਰ : ਕਾਂਗਰਸ
ਕਾਂਗਰਸ ਨੇ ਚੀਨ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿੱਜੀ ਰਿਸ਼ਤੇ ਹੋਣ ਦੇ ਦੋਸ਼ ਲਗਾਉਂਦੇ ਹੋਏ ਸੋਮਵਾਰ ਨੂੰ ਕਿਹਾ ਕਿ ਸਰਕਾਰ ਸਰਹੱਦੀ ਸੁਰੱਖਿਆ ਅਤੇ ਚੀਨੀ ਨਿਵੇਸ਼ ਦੇ ਸਬੰਧ ਵਿਚ ਤੱਥ ਲੁਕਾ ਰਹੀ ਹੈ। ਕਾਂਗਰਸ ਬੁਲਾਰੇ ਪਵਨ ਖੇੜਾ ਨੇ ਆਨਲਾਈਨ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਮੋਦੀ ਦੀ ਨੀਤੀ ਚੀਨ ਹਮਾਇਤ ਦੀ ਹੈ ਅਤੇ ਪਿਛਲੇ 5 ਸਾਲਾਂ ਵਿਚ ਗੁਜਰਾਤ ਵਿਚ ਚੀਨ ਦੀਆਂ ਕੰਪਨੀਆਂ ਨੇ ਲਗਭਗ 47 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਸਰਹੱਦ 'ਤੇ ਚੀਨ ਦੀ ਫੌਜ ਦੇ ਕਬਜ਼ੇ 'ਤੇ ਸਰਕਾਰ ਗਲਤ ਤੱਥ ਅਜਿਹੇ ਢੰਗ ਨਾਲ ਰੱਖ ਰਹੀ ਹੈ ਜਿਸ ਤੋਂ ਚੀਨ ਨੂੰ ਲਾਭ ਹੋ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਗਲਵਾਨ ਘਾਟੀ ਦੇ ਕੁਝ ਹਿੱਸੇ 'ਤੇ ਚੀਨ ਦੀ ਫੌਜ ਮੌਜੂਦ ਹੈ ਅਤੇ ਇਹ ਪਹਿਲੀ ਵਾਰ ਹੈ।