ਮਹਾਰਾਸ਼ਟਰ ਦੀ ਸਿਆਸਤ ''ਚ ਵੱਡਾ ਫੇਰਬਦਲ: ਹੁਣ ਸੁਨੇਤਰਾ ਪਵਾਰ ਸੰਭਾਲਣਗੇ 3 ਅਹਿਮ ਮੰਤਰਾਲੇ
Saturday, Jan 31, 2026 - 08:54 PM (IST)
ਨੈਸ਼ਨਲ ਡੈਸਕ : ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ ਗਿਆ ਹੈ। ਸੁਨੇਤਰਾ ਪਵਾਰ ਨੇ ਮਹਾਰਾਸ਼ਟਰ ਦੇ ਨਵੇਂ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਮੁੰਬਈ ਦੇ ਲੋਕ ਭਵਨ (ਪਹਿਲਾਂ ਰਾਜ ਭਵਨ) ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਰਾਜਪਾਲ ਆਚਾਰੀਆ ਦੇਵਵਰਤ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਜ਼ਿਕਰਯੋਗ ਹੈ ਕਿ ਇਹ ਨਿਯੁਕਤੀ ਅਜੀਤ ਪਵਾਰ ਦੇ ਦੇਹਾਂਤ ਤੋਂ ਮਹਿਜ਼ ਤਿੰਨ ਦਿਨਾਂ ਬਾਅਦ ਹੋਈ ਹੈ, ਜਿਨ੍ਹਾਂ ਦੀ 28 ਜਨਵਰੀ ਨੂੰ ਬਾਰਾਮਤੀ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਸੀ।
ਇਹ ਤਿੰਨ ਅਹਿਮ ਵਿਭਾਗ ਸੌਂਪੇ
ਸਹੁੰ ਚੁੱਕਣ ਤੋਂ ਤੁਰੰਤ ਬਾਅਦ ਰਾਜਪਾਲ ਨੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਸਿਫ਼ਾਰਸ਼ 'ਤੇ ਸੁਨੇਤਰਾ ਪਵਾਰ ਨੂੰ ਤਿੰਨ ਮਹੱਤਵਪੂਰਨ ਮੰਤਰਾਲਿਆਂ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਉਨ੍ਹਾਂ ਨੂੰ ਰਾਜ ਆਬਕਾਰੀ (State Excise), ਖੇਡਾਂ ਅਤੇ ਯੁਵਾ ਭਲਾਈ ਅਤੇ ਘੱਟ ਗਿਣਤੀ ਵਿਕਾਸ ਮੰਤਰਾਲਾ ਦਿੱਤਾ ਗਿਆ ਹੈ। ਆਬਕਾਰੀ ਵਿਭਾਗ ਨੂੰ ਮਾਲੀਏ ਦੇ ਲਿਹਾਜ਼ ਨਾਲ ਬਹੁਤ ਅਹਿਮ ਮੰਨਿਆ ਜਾਂਦਾ ਹੈ, ਜਦਕਿ ਖੇਡ ਅਤੇ ਘੱਟ ਗਿਣਤੀ ਵਿਕਾਸ ਰਾਹੀਂ ਉਹ ਨੌਜਵਾਨਾਂ ਅਤੇ ਵੱਖ-ਵੱਖ ਭਾਈਚਾਰਿਆਂ ਵਿੱਚ ਆਪਣੀ ਪਕੜ ਮਜ਼ਬੂਤ ਕਰਨਗੇ।

ਪੀ.ਐੱਮ. ਮੋਦੀ ਨੇ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਨੇਤਰਾ ਪਵਾਰ ਨੂੰ ਮਹਾਰਾਸ਼ਟਰ ਦੀ ਪਹਿਲੀ ਮਹਿਲਾ ਉਪ ਮੁੱਖ ਮੰਤਰੀ ਬਣਨ 'ਤੇ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਸੁਨੇਤਰਾ ਪਵਾਰ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਵਾਲੀ ਪਹਿਲੀ ਮਹਿਲਾ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਰਾਜ ਦੇ ਲੋਕਾਂ ਦੀ ਭਲਾਈ ਅਤੇ ਮਰਹੂਮ ਅਜੀਤ ਪਵਾਰ ਦੇ 'ਵਿਜ਼ਨ' ਨੂੰ ਪੂਰਾ ਕਰਨ ਲਈ ਅਣਥੱਕ ਕੰਮ ਕਰਨਗੇ।
ਵਿਧਾਇਕ ਦਲ ਦੀ ਨੇਤਾ ਚੁਣੀ ਗਈ
ਅੱਜ ਐੱਨ.ਸੀ.ਪੀ. (NCP) ਵਿਧਾਇਕ ਦਲ ਦੀ ਬੈਠਕ ਵਿੱਚ ਸੁਨੇਤਰਾ ਪਵਾਰ ਨੂੰ ਸਰਵਸੰਮਤੀ ਨਾਲ ਆਪਣਾ ਨੇਤਾ ਚੁਣਿਆ ਗਿਆ। ਉਨ੍ਹਾਂ ਨੇ ਆਪਣੀ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। ਨਿਯਮਾਂ ਅਨੁਸਾਰ ਹੁਣ ਉਨ੍ਹਾਂ ਨੂੰ ਅਗਲੇ ਛੇ ਮਹੀਨਿਆਂ ਦੇ ਅੰਦਰ ਵਿਧਾਨ ਸਭਾ ਦੀ ਮੈਂਬਰੀ ਹਾਸਲ ਕਰਨੀ ਪਵੇਗੀ। ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਉਹ ਅਜੀਤ ਪਵਾਰ ਦੇ ਨਿਧਨ ਕਾਰਨ ਖਾਲੀ ਹੋਈ ਵਿਧਾਨ ਸਭਾ ਸੀਟ ਤੋਂ ਉਪ-ਚੋਣ ਲੜ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
