ਮਹਾਰਾਸ਼ਟਰ ਦੀ ਸਿਆਸਤ ''ਚ ਵੱਡਾ ਫੇਰਬਦਲ: ਸੁਨੇਤਰਾ ਪਵਾਰ ਬਣਨਗੇ ਨਵੇਂ ਡਿਪਟੀ CM!
Friday, Jan 30, 2026 - 08:04 PM (IST)
ਮੁੰਬਈ- ਮਹਾਰਾਸ਼ਟਰ ਦੀ ਰਾਜਨੀਤੀ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਦੇ ਹਵਾਲੇ ਨਾਲ ਪਤਾ ਲੱਗਿਆ ਹੈ ਕਿ ਸੁਨੇਤਰਾ ਪਵਾਰ ਨੇ ਮਹਾਰਾਸ਼ਟਰ ਦੀ ਉਪ-ਮੁੱਖ ਮੰਤਰੀ ਬਣਨ ਦਾ ਪ੍ਰਸਤਾਵ ਸਵੀਕਾਰ ਕਰ ਲਿਆ ਹੈ। ਇਹ ਫੈਸਲਾ ਅਜੀਤ ਪਵਾਰ ਦੇ ਇੱਕ ਜਹਾਜ਼ ਹਾਦਸੇ ਵਿੱਚ ਹੋਏ ਅਚਾਨਕ ਦੇਹਾਂਤ ਤੋਂ ਬਾਅਦ ਲਿਆ ਗਿਆ ਹੈ।
ਸੁਨੇਤਰਾ ਪਵਾਰ ਦੀ ਨਿਯੁਕਤੀ ਨਾਲ ਮਹਾਯੁਤੀ ਸਰਕਾਰ ਵਿੱਚ ਨਵੇਂ ਸਿਆਸੀ ਸਮੀਕਰਨ ਬਣਦੇ ਦਿਖਾਈ ਦੇ ਰਹੇ ਹਨ। ਜਾਣਕਾਰੀ ਅਨੁਸਾਰ, ਸੁਨੇਤਰਾ ਪਵਾਰ ਡਿਪਟੀ ਸੀ.ਐਮ. ਦੇ ਅਹੁਦੇ ਦੇ ਨਾਲ-ਨਾਲ ਸੂਬਾ ਸਰਕਾਰ ਵਿੱਚ ਆਬਕਾਰੀ ਅਤੇ ਖੇਡ ਮੰਤਰਾਲੇ ਦੀ ਜ਼ਿੰਮੇਵਾਰੀ ਵੀ ਸੰਭਾਲਣਗੇ। ਦੂਜੇ ਪਾਸੇ, ਮੁੱਖ ਮੰਤਰੀ ਦੇਵੇਂਦਰ ਫੜਨਵੀਸ ਆਉਣ ਵਾਲੇ ਬਜਟ ਸੈਸ਼ਨ ਤੋਂ ਪਹਿਲਾਂ ਸੂਬੇ ਦੇ ਵਿੱਤ ਮੰਤਰਾਲੇ ਦਾ ਪ੍ਰਭਾਰ ਆਪਣੇ ਹੱਥ ਵਿੱਚ ਲੈਣ ਜਾ ਰਹੇ ਹਨ ਤਾਂ ਜੋ ਆਰਥਿਕ ਨੀਤੀਆਂ 'ਤੇ ਸਿੱਧੀ ਨਜ਼ਰ ਰੱਖੀ ਜਾ ਸਕੇ।
ਰਾਸ਼ਟਰਵਾਦੀ ਕਾਂਗਰਸ ਪਾਰਟੀ (NCP) ਦੇ ਵਿਧਾਇਕ ਦਲ ਦੀ ਬੈਠਕ ਭਲਕੇ ਦੁਪਹਿਰ 2 ਵਜੇ ਬੁਲਾਈ ਗਈ ਹੈ। ਇਸ ਬੈਠਕ ਵਿੱਚ ਪਾਰਟੀ ਦੀ ਅਗਵਾਈ ਅਤੇ ਭਵਿੱਖ ਦੀ ਰਣਨੀਤੀ ਬਾਰੇ ਰਸਮੀ ਚਰਚਾ ਕੀਤੀ ਜਾਵੇਗੀ ਅਤੇ ਸੁਨੇਤਰਾ ਪਵਾਰ ਦੇ ਨਾਮ 'ਤੇ ਅਧਿਕਾਰਤ ਮੋਹਰ ਲੱਗ ਸਕਦੀ ਹੈ।
ਸੂਤਰਾਂ ਅਨੁਸਾਰ, NCP ਦੇ ਸੀਨੀਅਰ ਆਗੂਆਂ ਨੇ ਪਾਰਟੀ ਦੇ ਭਵਿੱਖ ਅਤੇ ਸੱਤਾ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਸੁਨੇਤਰਾ ਪਵਾਰ ਦਾ ਨਾਮ ਪੇਸ਼ ਕੀਤਾ ਸੀ। ਖਾਸ ਤੌਰ 'ਤੇ 7 ਫਰਵਰੀ ਨੂੰ ਹੋਣ ਵਾਲੀਆਂ ਪੁਣੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਦੇਖਦਿਆਂ ਇਹ ਕਦਮ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪਵਾਰ ਪਰਿਵਾਰ ਦੇ ਅੰਦਰੂਨੀ ਸਹਿਮਤੀ ਤੋਂ ਬਾਅਦ ਹੀ ਸੁਨੇਤਰਾ ਪਵਾਰ ਨੇ ਇਸ ਅਹੁਦੇ ਲਈ ਹਾਮੀ ਭਰੀ ਹੈ।
ਅਜੀਤ ਪਵਾਰ ਦੇ ਦੇਹਾਂਤ ਤੋਂ ਬਾਅਦ ਪਵਾਰ ਪਰਿਵਾਰ ਦੀਆਂ ਦੂਰੀਆਂ ਵੀ ਮਿਟਦੀਆਂ ਨਜ਼ਰ ਆ ਰਹੀਆਂ ਹਨ। ਸੰਕਟ ਦੀ ਇਸ ਘੜੀ ਵਿੱਚ ਸੁਪ੍ਰੀਆ ਸੁਲੇ ਆਪਣੀ ਭਾਬੀ ਸੁਨੇਤਰਾ ਪਵਾਰ ਦਾ ਸਹਾਰਾ ਬਣੀ ਦਿਖਾਈ ਦਿੱਤੀ। ਹਾਲਾਂਕਿ ਅਜੇ ਤੱਕ ਸਰਕਾਰ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ, ਪਰ ਸਿਆਸੀ ਹਲਕਿਆਂ ਵਿੱਚ ਸੁਨੇਤਰਾ ਪਵਾਰ ਦਾ ਨਾਮ ਲਗਭਗ ਤੈਅ ਮੰਨਿਆ ਜਾ ਰਿਹਾ ਹੈ।
