ਦਿੱਲੀ ਵਾਸੀ ਪ੍ਰਦੂਸ਼ਣ ਨੂੰ ਘੱਟ ਕਰਨ ਦੀ ਜ਼ਿੰਮੇਵਾਰੀ ਹੁਣ ਆਪਣੇ ਹੱਥਾਂ ’ਚ ਲੈਣ : ਕੇਜਰੀਵਾਲ

Tuesday, Oct 12, 2021 - 01:54 PM (IST)

ਦਿੱਲੀ ਵਾਸੀ ਪ੍ਰਦੂਸ਼ਣ ਨੂੰ ਘੱਟ ਕਰਨ ਦੀ ਜ਼ਿੰਮੇਵਾਰੀ ਹੁਣ ਆਪਣੇ ਹੱਥਾਂ ’ਚ ਲੈਣ : ਕੇਜਰੀਵਾਲ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਦਿੱਲੀ ਵਾਸੀਆਂ ਨੂੰ ਸ਼ਹਿਰ ’ਚ ਪ੍ਰਦੂਸ਼ਣ ਘੱਟ ਕਰਨ ’ਚ ਮਦਦ ਦੀ ਅਪੀਲ ਕੀਤੀ ਅਤੇ ਕਿਹਾ ਕਿ ਹਫ਼ਤੇ ’ਚ ਘੱਟੋ-ਘੱਟ ਇਕ ਦਿਨ ਨਿੱਜੀ ਵਾਹਨਾਂ ਦਾ ਇਸਤੇਮਾਲ ਨਾ ਕਰਨ। ਉਨ੍ਹਾਂ ਕਿਹਾ ਕਿ ਨੇੜੇ-ਤੇੜੇ ਦੇ ਸੂਬਿਆਂ ਦੇ ਕਿਸਾਨਾਂ ਦੇ ਪਰਾਲੀ ਸਾੜਨੀ ਸ਼ੁਰੂ ਕਰਨ ਕਾਰਨ, ਦਿੱਲੀ ’ਚ ਪਿਛਲੇ 3-4 ਦਿਨਾਂ ਤੋਂ ਹਵਾ ਪ੍ਰਦੂਸ਼ਣ ਵੱਧਣ ਲੱਗਾ ਹੈ। ਕੇਜਰੀਵਾਲ ਨੇ ਕਿਹਾ,‘‘ਮੈਂ ਇਕ ਮਹੀਨੇ ਤੋਂ ਹਵਾ ਗੁਣਵੱਤਾ ਦੇ ਅੰਕੜੇ ਟਵੀਟ ਕਰ ਰਿਹਾ ਹਾਂ। ਉਸ ’ਚ ਦਿੱਸ ਰਿਹਾ ਹੈ ਕਿ ਨੇੜੇ-ਤੇੜੇ ਦੇ ਸੂਬਿਆਂ ਦੇ ਕਿਸਾਨਾਂ ਵਲੋਂ ਪਰਾਲੀ ਸਾੜਨ ਕਾਰਨ ਦਿੱਲੀ ’ਚ ਪਿਛਲੇ 3-4 ਦਿਨਾਂ ਤੋਂ ਹਵਾ ਪ੍ਰਦੂਸ਼ਣ ਵਧਣ ਲੱਗਾ ਹੈ।’’

PunjabKesari

ਮੁੱਖ ਮੰਤਰੀ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਦਿੱਲੀ ਵਾਸੀ ਪ੍ਰਦੂਸ਼ਣ ਨੂੰ ਘੱਟ ਕਰਨ ਦੀ ਜ਼ਿੰਮੇਵਾਰੀ ਹੁਣ ਆਪਣੇ ਹੱਥਾਂ ’ਚ ਲੈਣ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਹਰੇਕ ਵਿਅਕਤੀ ਆਪਣੀ ਜ਼ਿੰਮੇਵਾਰੀ ਨਿਭਾਏ ਅਤੇ ਘੱਟੋ-ਘੱਟ ਸਥਾਨਕ ਪੱਧਰ ’ਤੇ ਪੈਦਾ ਪ੍ਰਦੂਸ਼ਣ ਘਟਾਉਣ ਲਈ 18 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ‘ਰੈੱਡ ਲਾਈਟ ਆਨ, ਵ੍ਹੀਕਲ ਆਫ਼’ ਮੁਹਿੰਮ ਸਮੇਤ ਤਿੰਨ ਉਪਾਵਾਂ ’ਚ ਯੋਗਦਾਨ ਦੇਣ। ਕੇਜਰੀਵਾਲ ਨੇ ਕਿਹਾ ਕਿ ਮਾਹਿਰਾਂ ਦਾ ਕਹਿਣਾ ਹੈ ਕਿ ਲਾਲ ਬੱਤੀ ’ਤੇ ਵਾਹਨ ਬੰਦ ਕਰਨ ਨਾਲ 250 ਕਰੋੜ ਰੁਪਏ ਬਚਾਏ ਜਾ ਸਕਦੇ ਹਨ ਅਤੇ ਪ੍ਰਦੂਸ਼ਣ 13 ਤੋਂ 20 ਫੀਸਦੀ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਹਫ਼ਤੇ ’ਚ ਘੱਟੋ-ਘੱਟ ਇਕ ਦਿਨ ਜਨਤਕ ਵਾਹਨਾਂ ਦਾ ਇਸਤੇਮਾਲ ਕਰਨ ਜਾਂ ‘ਕਾਰ ਪੂਲ’ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਦਿੱਲੀ ਸਰਕਾਰ ਦੀਆਂ ਅੱਖਾਂ ਅਤੇ ਕੰਨ ਬਣਨਾ ਚਾਹੀਦਾ ਅਤੇ ਕੂੜਾ ਸਾੜਨ ਵਰਗੀਆਂ ਪ੍ਰਦੂਸ਼ਣ ਫੈਲਾਉਣ ਵਾਲੀਆਂ ਘਟਨਾਵਾਂ ਦੀ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਨਾਲ ਨਿਪਟਿਆ ਜਾ ਸਕੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਭਾਰਤ 'ਚ 2 ਤੋਂ 18 ਸਾਲ ਦੇ ਬੱਚਿਆਂ ਲਈ ਕੋਵੈਕਸੀਨ ਨੂੰ ਮਿਲੀ ਮਨਜ਼ੂਰੀ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News