ਕੋਰੋਨਾ : ਹੁਣ ਮੁੰਬਈ ''ਚ ਸਾਰਿਆਂ ਨੂੰ ਮਾਸਕ ਲਗਾਉਣਾ ਲਾਜ਼ਮੀ, ਨਹੀਂ ਤਾਂ ਮਿਲੇਗੀ ਸਜ਼ਾ
Wednesday, Apr 08, 2020 - 08:05 PM (IST)
ਮਹਾਰਾਸ਼ਟਰ — ਚੀਨ ਦੇ ਵੁਹਾਨ ਸ਼ਹਿਰ 'ਚ ਫੈਲੇ ਕੋਰੋਨਾ ਵਾਇਰਸ ਨੇ ਭਾਰਤ ਸਣੇ ਪੂਰੀ ਦੁਨੀਆ 'ਚ ਤਬਾਹੀ ਮਚਾ ਰੱਖੀ ਹੈ। ਹਿੰਦੁਸਤਾਨ 'ਚ ਮਹਾਰਾਸ਼ਟਰ ਕੋਰੋਨਾ ਵਾਇਰਸ ਦੀ ਸਭ ਤੋਂ ਜ਼ਿਆਦਾ ਚਪੇਟ 'ਚ ਹੈ। ਹੁਣ ਤਕ ਮਹਾਰਾਸ਼ਟਰ 'ਚ 1018 ਲੋਕ ਕੋਰੋਨਾ ਪਾਜ਼ੀਟਿਵ ਪਾਏ ਜਾ ਚੁੱਕੇ ਹਨ। ਜਿਨ੍ਹਾਂ 'ਚੋਂ 64 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 79 ਲੋਕ ਠੀਕ ਹੋ ਚੁੱਕੇ ਹਨ, ਜਿਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਮਹਾਰਾਸ਼ਟਰ ਅਤੇ ਕਰਨਾਟਕ 'ਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਭੀੜ੍ਹ ਵਾਲੀਆਂ ਥਾਵਾਂ 'ਤੇ ਭਾਵ ਜ਼ਰੂਰੀ ਸਾਮਾਨਾਂ ਦੀਆਂ ਦੁਕਾਨਾਂ ਅਤੇ ਦਵਾਈਆਂ ਦੀਆਂ ਦੁਕਾਨਾਂ 'ਚ ਮਾਸਕ ਲਗਾਉਣਾ ਸਾਰਿਆਂ ਜ਼ਰੂਰੀ ਕਰ ਦਿੱਤਾ ਗਿਆ ਹੈ।
ਮੁੰਬਈ 'ਚ ਤਾਂ ਮਾਸਕ ਨਹੀਂ ਲਗਾਉਣ 'ਤੇ ਸਜ਼ਾ ਵੀ ਦਿੱਤੀ ਜਾਵੇਗੀ। ਮੁੰਬਈ 'ਚ ਕੋਰੋਨਾ ਵਾਇਰਸ ਦੀ ਗਿਣਤੀ ਨੂੰ ਦੇਖਦੇ ਹੋਏ ਸਾਰਿਆਂ ਲਈ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਗ੍ਰੇਟਰ ਮੁੰਬਈ ਨਗਰ ਨਿਗਮ ਦੇ ਕਮਿਸ਼ਨਰ ਪ੍ਰਵੀਣ ਪਰਦੇਸ਼ੀ ਵੱਲੋਂ ਜਾਰੀ ਆਦੇਸ਼ 'ਚ ਕਿਹਾ ਗਿਆ ਕਿ ਜਨਤਕ ਸਥਾਨ 'ਤੇ ਮਾਸਕ ਨਹੀਂ ਪਾਉਣਾ ਅਪਰਾਧ ਹੈ, ਜਿਸ ਦੇ ਲਈ ਆਈ.ਪੀ.ਸੀ. ਦੀ ਧਾਰਾ 188 ਦੇ ਤਹਿਤ ਸਜ਼ਾ ਦਿੱਤੀ ਜਾਵੇਗੀ। ਇਹ ਆਦੇਸ਼ ਐਪਿਡੇਮਿਕ ਡਿਸੀਜ਼ ਐਕਟ 1897 ਦੇ ਤਹਿਤ ਜਾਰੀ ਕੀਤਾ ਗਿਆ ਹੈ। ਇਸ ਆਦੇਸ਼ ਦਾ ਪੂਰੀ ਗੰਭੀਰਤਾ ਨਾਲ ਪਾਲਣ ਕਰਨ ਨੂੰ ਕਿਹਾ ਗਿਆ ਹੈ।
ਦਰਅਸਲ ਕੁਝ ਸੋਧ 'ਚ ਖੁਲਾਸਾ ਹੋਇਆ ਹੈ ਕਿ ਸੋਸ਼ਲ ਡਿਸਟੈਂਸਿੰਗ ਬਣਾਏ ਰੱਖਣ ਦੇ ਨਾਲ ਹੀ ਮਾਸਕ ਪਾਉਣ ਨਾਲ ਕੋਰੋਨਾ ਨੂੰ ਫੈਲਣ ਤੋਂ ਰੋਕਣ 'ਚ ਮਦਦ ਮਿਲਦੀ ਹੈ। ਇਸੇ ਕਾਰਣ ਮੁੰਬਈ 'ਚ ਸਾਰਿਆਂ ਲਈ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ। ਮਾਸਕ ਨਾ ਪਾਉਣ 'ਤੇ ਪੁਲਸ ਅਧਿਕਾਰੀ ਜਾਂ ਫਿਰ ਵਾਰਡ ਦੇ ਅਸਿਸਟੈਂਟ ਕਮਿਸ਼ਨਰ ਵਲੋਂ ਨਿਯੁਕਤ ਅਧਿਕਾਰੀ ਗ੍ਰਿਫਤਾਰ ਕਰ ਸਕਦਾ ਹੈ।
ਭਾਰਤ 'ਚ ਹੁਣ ਤਕ ਕੋਰੋਨਾ ਵਾਇਰਸ ਦੇ 5400 ਤੋਂ ਜ਼ਿਆਦਾ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚ 164 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 468 ਲੋਕ ਠੀਕ ਹੋ ਚੁੱਕੇ ਹਨ। ਹਾਲਾਂਕਿ ਹੁਣ ਤਕ ਕੋਰੋਨਾ ਵਾਇਰਸ ਦੀ ਵੈਕਸੀਨ ਅਤੇ ਦਵਾਈ ਨਹੀਂ ਬਣਾਈ ਜਾ ਸਕੀ ਹੈ।