ਹੁਣ ਰੋਜ਼ਾਨਾ 25 ਹਜ਼ਾਰ ਸ਼ਰਧਾਲੂ ਸ਼ਿਰਡੀ ਸਾਈਂ ਬਾਬਾ ਮੰਦਰ ਦੇ ਕਰ ਸਕਣਗੇ ਦਰਸ਼ਨ
Thursday, Nov 18, 2021 - 10:38 AM (IST)
ਸ਼ਿਰਡੀ (ਭਾਸ਼ਾ)- ਕੋਰੋਨਾ ਵਾਇਰਸ ਕੇਸਾਂ ’ਚ ਕਮੀ ਨੂੰ ਧਿਆਨ ’ਚ ਰੱਖਦਿਆਂਅਹਿਮਦਨਗਰ ਜ਼ਿਲਾ ਪ੍ਰਸ਼ਾਸਨ ਨੇ ਪ੍ਰਸਿੱਧ ਸ਼ਿਰਡੀ ਸਾਈਂ ਬਾਬਾ ਮੰਦਰ ’ਚ ਹੁਣ ਰੋਜ਼ਾਨਾ 25,000 ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੀ ਆਗਿਆ ਦੇਣ ਦਾ ਫ਼ੈਸਲਾ ਕੀਤਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲਾਂ 6 ਅਕਤੂਬਰ ਨੂੰ ਇਕ ਹੁਕਮ ਜਾਰੀ ਕਰ ਕੇ ਆਨਲਾਈਨ ਪਾਸ ਲੈਣ ਵਾਲੇ 15,000 ਸ਼ਰਧਾਲੂਆਂ ਨੂੰ ਰੋਜ਼ਾਨਾ ਦਰਸ਼ਨਾਂ ਦੀ ਆਗਿਆ ਦਿੱਤੀ ਸੀ ਪਰ ਹੁਣ 10,000 ਹੋਰ ਸ਼ਰਧਾਲੂ ਮੌਕੇ ’ਤੇ ਹੀ ਮੰਦਰ ’ਚ ਪਹੁੰਚ ਕੇ ਪਾਸ ਲੈ ਕੇ ਦਰਸ਼ਨ ਕਰ ਸਕਣਗੇ। ਇੰਝ ਕੁੱਲ ਗਿਣਤੀ 25,000 ਹੋ ਗਈ ਹੈ।
ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਇੱਥੇ ਇਕ ਲੱਖ ਸ਼ਰਧਾਲੂ ਰੋਜ਼ਾਨਾ ਆਉਂਦੇ ਸਨ। ਅਹਿਮਦਨਗਰ ਜ਼ਿਲ੍ਹਾ ਅਧਿਕਾਰੀ ਰਾਜਿੰਦਰ ਭੋਂਸਲੇ ਵਲੋਂ ਜਾਰੀ ਇਕ ਅਧਿਕਾਰਤ ਹੁਕਮ ਮੁਤਾਬਕ ਬੈਠਕ ਲਈ ਲਏ ਗਏ ਫ਼ੈਸਲੇ ਮੁਤਾਬਕ ਸਾਈਂ ਬਾਬਾ ਮੰਦਰ ਟਰੱਸਟ ਨੇ ਕੋਵਿਡ-19 ਨਿਯਮਾਂ ਦਾ ਪਾਲਣ ਕਰਦੇ ਹੋਏ ਰੋਜ਼ਾਨਾ ਉੱਥੇ ਜਾ ਕੇ ਪਾਸ ਲੈਣ ਵਾਲੇ 10,000 ਸ਼ਰਧਾਲੂਆਂ ਨੂੰ ਦਰਸ਼ਨਾਂ ਦੀ ਮਨਜ਼ੂਰੀ ਦਿੱਤੀ ਹੈ।