ਵੈਸ਼ਨੋ ਦੇਵੀ ਮੰਦਰ ਕੋਲ ਭੱਜ-ਦੌੜ ਦੀ ਘਟਨਾ ਬਾਰੇ ਸੂਚਨਾ ਸਾਂਝੀ ਕਰਨ ਲਈ ਨੋਟਿਸ ਜਾਰੀ
Sunday, Jan 02, 2022 - 06:54 PM (IST)
ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਐਤਵਾਰ ਨੂੰ ਇਕ ਜਨਤਕ ਨੋਟਿਸ ਜਾਰੀ ਕਰ ਕੇ ਵੈਸ਼ਨੋ ਦੇਵੀ ਮੰਦਰ ਕੋਲ ਭੱਜ-ਦੌੜ ਦੀ ਘਟਨਾ ਦੇ ਚਸ਼ਮਦੀਦਾਂ ਤੋਂ ਘਟਨਾ ਦੀ ਜਾਣਕਾਰੀ ਸਾਂਝੀ ਕਰਨ ਲਈ ਕਿਹਾ। ਜਨਤਕ ਨੋਟਿਸ ਜੰਮੂ ਡਿਵੀਜ਼ਨ ਕਮਿਸ਼ਨਰ ਰਾਘਵ ਲੰਗਰ ਵਲੋਂ ਜਾਰੀ ਕੀਤਾ ਗਿਆ, ਜੋ ਘਟਨਾ ਦੀ ਜਾਂਚ ਲਈ ਉੱਪ ਰਾਜਪਾਲ ਮਨੋਜ ਸਿਨਹਾ ਵਲੋਂ ਗਠਿਤ ਕਮੇਟੀ ਦੇ ਮੈਂਬਰਾਂ 'ਚੋਂ ਇਕ ਹੈ। ਜੰਮੂ ਕਸ਼ਮੀਰ ਦੇ ਪ੍ਰਸਿੱਧ ਮਾਤਾ ਵੈਸ਼ਨੋ ਦੇਵੀ ਤੀਰਥ ਖੇਤਰ 'ਚ ਮਚੀ ਭੱਜ-ਦੌੜ 'ਚ 12 ਲੋਕਾਂ ਦੀ ਜਾਨ ਚੱਲੀ ਗਈ ਸੀ ਅਤੇ ਘੱਟੋ-ਘੱਟ 16 ਹੋਰ ਜ਼ਖਮੀ ਹੋ ਗਏ ਸਨ। ਨੋਟਿਸ 'ਚ ਲਿਖਇਆ ਗਿਆ ਹੈ,''ਇਹ ਆਮ ਜਨਤਾ ਦੀ ਜਾਣਕਾਰੀ ਲਈ ਹੈ ਕਿ ਕੋਈ ਵੀ ਅਜਿਹਾ ਵਿਅਕਤੀ ਜੋ ਘਟਨਾ ਦੇ ਸੰਬੰਧ 'ਚ ਕੋਈ ਤੱਥ, ਬਿਆਨ, ਇਲੈਕਟ੍ਰਾਨਿਕ ਸਬੂਤ ਆਦਿ ਪੇਸ਼ ਕਰਨਾ ਚਾਹੁੰਦਾ ਹੈ, ਉਸ ਨੂੰ ਸਾਂਝਾ ਕਰ ਸਕਦਾ ਹੈ।
ਨੋਟਿਸ 'ਚ ਕਿਹਾ ਗਿਆ ਹੈ,''ਜੇਕਰ ਕੋਈ ਵਿਅਕਤੀ ਵਿਅਕਤੀਗਤ ਰੂਪ ਨਾਲ ਮਿਲਣਾ ਚਾਹੁੰਦਾ ਹੈ, ਉਹ 5 ਜਨਵਰੀ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਦਰਮਿਆਨ ਡਿਵੀਜ਼ਨ ਕਮਿਸ਼ਨਰ, ਜੰਮੂ ਦੇ ਦਫ਼ਤਰ 'ਚ ਕੋਈ ਵੀ ਬਿਆਨ/ਤੱਥ/ਸਬੂਤ ਪੇਸ਼ ਕਰਨ ਲਈ ਉਕਤ ਜਾਂਚ ਕਮੇਟੀ ਦੇ ਸਾਹਮਣੇ ਹਾਜ਼ਰ ਹੋ ਸਕਦਾ ਹੈ।'' ਪ੍ਰਧਾਨ ਸਕੱਤਰ ਸ਼ਾਲੀਨ ਕਾਬਰਾ ਦੀ ਪ੍ਰਧਾਨਗੀ 'ਚ ਤਿੰਨ ਮੈਂਬਰੀ ਜਾਂਚ ਕਮੇਟੀ ਗਠਿਤ ਕੀਤੀ ਗਈ ਹੈ, ਜਿਸ 'ਚ ਐਡੀਸ਼ਨਲ ਪੁਲਸ ਜਨਰਲ ਡਾਇਰੈਕਟਰ ਮੁਕੇਸ਼ ਸਿੰਘ ਇਸ ਦੇ ਹੋਰ ਮੈਂਬਰ ਹਨ। ਕਮੇਟੀ ਨੂੰ ਇਕ ਹਫ਼ਤੇ ਅੰਦਰ ਆਪਣੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ