ਮੋਦੀ ਨੇ 9 ਸਾਲਾਂ ਤੱਕ ਨਹੀਂ ਕੱਢਿਆ ਨਾਗਾ ਸਮੱਸਿਆ ਦਾ ਹੱਲ : ਰਾਹੁਲ
Wednesday, Jan 17, 2024 - 08:22 PM (IST)
ਕੋਹਿਮਾ, (ਭਾਸ਼ਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਬੋਲਦੇ ਹੋਏ ਉਨ੍ਹਾਂ ’ਤੇ 2015 ’ਚ ਖਰੜਾ ਸਮਝੌਤੇ ’ਤੇ ਦਸਤਖਤ ਹੋਣ ਤੋਂ ਬਾਅਦ 9 ਸਾਲਾਂ ਤੱਕ ਨਾਗਾ ਸਿਆਸੀ ਮੁੱਦੇ ਦਾ ਹੱਲ ਕੱਢਣ ਲਈ ਕੁਝ ਨਾ ਕਰਨ ਦਾ ਦੋਸ਼ ਲਾਇਆ। ਨਾਗਾਲੈਂਡ ਦੇ ਮੋਕੋਕਚੁੰਗ ਸ਼ਹਿਰ ’ਚ ‘ਭਾਰਤ ਜੋੜੋ ਨਿਆਏ ਯਾਤਰਾ’ ਦੌਰਾਨ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ ਕਿ ਨਾਗਾ ਲੋਕਾਂ ਦੇ ਵਿਸ਼ਵਸ ਤੋਂ ਬਿਨਾਂ ਅਤੇ ਉਨ੍ਹਾਂ ਨਾਲ ਗੱਲਬਾਤ ਤੋਂ ਬਿਨਾਂ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾ ਸਕਦਾ।
ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਕਿਹਾ ਕਿ ਜੇ ਤੁਹਾਡੇ ਕੋਲ ਹੱਲ ਨਹੀਂ ਹੈ ਤਾਂ ਤੁਹਾਨੂੰ ਝੂਠ ਨਹੀਂ ਬੋਲਣਾ ਚਾਹੀਦਾ ਅਤੇ ਇਹ ਨਹੀਂ ਕਹਿਣਾ ਚਾਹੀਦਾ ਕਿ ਤੁਹਾਡੇ ਕੋਲ ਹੱਲ ਹੈ। ਤੁਸੀਂ ਕਹਿ ਸਕਦੇ ਹੋ ਕਿ ਸਾਨੂੰ ਹੱਲ ਦੀ ਦਿਸ਼ਾ ’ਚ ਕੰਮ ਕਰਨਾ ਹੋਵੇਗਾ ਅਤੇ ਅਸੀਂ ਹੱਲ ਦੀ ਦਿਸ਼ਾ ’ਚ ਕੰਮ ਕਰਾਂਗੇ ਪਰ ਤੁਹਾਨੂੰ ਨਾਗਾ ਲੋਕਾਂ ਨਾਲ ਝੂਠ ਨਹੀਂ ਬੋਲਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਾਂਗਰਸ ਸਮਝਦੀ ਹੈ ਕਿ ਮਾਮਲਾ ਗੰਭੀਰ ਹੈ ਅਤੇ ਇਸ ਦਾ ਹੱਲ ਜ਼ਰੂਰੀ ਹੈ।