ਰਾਜ ਸਭਾ ''ਚ ਉੱਠੀ ਮੰਗ, ਸਮਲਿੰਗੀ ਵਿਆਹ ਨੂੰ ਨਾ ਮਿਲੇ ਕਾਨੂੰਨੀ ਮਾਨਤਾ

Monday, Dec 19, 2022 - 01:10 PM (IST)

ਨਵੀਂ ਦਿੱਲੀ- ਭਾਜਪਾ ਪਾਰਟੀ ਦੇ ਇਕ ਮੈਂਬਰ ਨੇ ਸੋਮਵਾਰ ਨੂੰ ਰਾਜ ਸਭਾ ਵਿਚ ਸਰਕਾਰ ਤੋਂ ਮੰਗ ਕੀਤੀ ਕਿ ਦੇਸ਼ 'ਚ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਨਾ ਦੇਣ ਦੀਆਂ ਕੋਸ਼ਿਸ਼ਾਂ ਨੂੰ ਖਾਰਜ ਕਰਨਾ ਚਾਹੀਦਾ ਹੈ। ਅਦਾਲਤ ਵਿਚ ਇਸ ਦੇ ਵਿਰੋਧ 'ਚ ਆਪਣੀ ਗੱਲ ਮਜ਼ਬੂਤੀ ਨਾਲ ਰੱਖਣੀ ਚਾਹੀਦੀ ਹੈ, ਤਾਂ ਕਿ ਸਦੀਆਂ ਤੋਂ ਪਵਿੱਤਰ ਮੰਨੇ ਜਾਣ ਵਾਲੇ ਵਿਆਹ ਦੀ ਪਵਿੱਤਰਤਾ ਬਣੀ ਰਹੇ। ਭਾਜਪਾ ਮੈਂਬਰ ਸੁਸ਼ੀਲ ਕੁਮਾਰ ਮੋਦੀ ਨੇ ਸਿਫ਼ਰਕਾਲ ਦੌਰਾਨ ਇਹ ਮੁੱਦਾ ਚੁੱਕਦਿਆਂ ਕਿਹਾ ਕਿ 33 ਦੇਸ਼ਾਂ 'ਚ ਸਮਲਿੰਗੀ ਵਿਆਹ ਨੂੰ ਮਾਨਤਾ ਦਿੱਤੀ ਜਾ ਚੁੱਕੀ ਹੈ ਅਤੇ ਇਸ ਹਫ਼ਤੇ ਅਮਰੀਕਾ 'ਚ ਵੀ ਸੈਨੇਟ ਨੇ ਇਸ ਲਈ ਕਾਨੂੰਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਜਾਪਾਨ ਨੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਨਹੀਂ ਦਿੱਤੀ ਹੈ। 

ਏਸ਼ੀਆ ਵਿਚ ਤਾਇਵਾਨ ਇਕਮਾਤਰ ਅਜਿਹਾ ਦੇਸ਼ ਹੈ, ਜਿਸ ਨੇ ਇਸ ਨੂੰ ਕਾਨੂੰਨੀ ਮਾਨਤਾ ਦਿੱਤੀ ਹੈ। ਭਾਜਪਾ ਮੈਂਬਰ ਨੇ ਕਿਹਾ ਕਿ ਪੱਛਮੀ ਸੱਭਿਅਤਾ ਮੁਤਾਬਕ ਚਲਣ ਵਾਲੇ ਕੁਝ ਲੋਕ ਕੋਸ਼ਿਸ਼ ਕਰ ਰਹੇ ਹਨ ਕਿ ਦੇਸ਼ ਵਿਚ ਵੀ ਸਮਲਿੰਗੀ ਵਿਆਹ ਨੂੰ ਕਾਨੂੰਨੀ ਮਾਨਤਾ ਮਿਲੇ ਪਰ ਅਜਿਹਾ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਅਸੰਤੁਲਨ ਦੀ ਸਥਿਤੀ ਪੈਦਾ ਹੋਵੇਗੀ। 

ਸੁਰੇਸ਼ ਮੋਦੀ ਨੇ ਕਿਹਾ ਕਿ ਸਾਡੇ ਇੱਥੇ ਵਿਆਹ ਨੂੰ ਪਵਿੱਤਰ ਮੰਨਿਆ ਗਿਆ ਹੈ। ਇਸ ਦੀਆਂ ਕੁਝ ਵਿਸ਼ੇਸ਼ਤਾਵਾਂ ਅਤੇ ਪ੍ਰਥਾਵਾਂ ਹਨ, ਜੋ ਸਦੀਆਂ ਤੋਂ ਚੱਲੀਆਂ ਆ ਰਹੀਆਂ ਹਨ। ਵਿਆਹ ਨਾਲ ਸਬੰਧਤ ਮੁੱਦਿਆਂ ਵਿਚ ਪਰਿਵਾਰ, ਬੱਚੇ, ਉਨ੍ਹਾਂ ਦਾ ਪਾਲਣ-ਪੋਸ਼ਣ, ਪਿਤਾ ਦੇ ਘਰ ਵਿਚ ਧੀ ਨੂੰ ਰਹਿਣ ਦਾ ਅਧਿਕਾਰ, ਤਲਾਕ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਦੇਸ਼ 'ਚ ਮੁਸਲਿਮ ਪਰਸਨਲ ਲਾਅ ਸਮੇਤ ਹੋਰ ਕਿਸੇ ਵੀ ਕਾਨੂੰਨ 'ਚ ਸਮਲਿੰਗੀ ਵਿਆਹ ਨੂੰ ਮਾਨਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਮਾਜਿਕ ਮੁੱਦੇ 'ਤੇ ਸੰਸਦ ਅਤੇ ਸਮਾਜ ਵਿਚ ਢੁੱਕਵੀਂ ਬਹਿਸ ਹੋਣੀ ਚਾਹੀਦੀ ਹੈ ਅਤੇ ਸਿਰਫ ਦੋ ਜੱਜ ਇਸ ਬਾਰੇ ਫੈਸਲਾ ਨਹੀਂ ਕਰ ਸਕਦੇ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਸਮਲਿੰਗੀ ਵਿਆਹ ਵਿਰੁੱਧ ਅਦਾਲਤ ਵਿਚ ਆਪਣੀ ਗੱਲ ਮਜ਼ਬੂਤੀ ਨਾਲ ਰੱਖੇ ਤਾਂ ਜੋ ਇਸ ਨੂੰ ਕਾਨੂੰਨੀ ਦਰਜਾ ਨਾ ਮਿਲ ਸਕੇ।


Tanu

Content Editor

Related News