''ਕੇਸ ਨਹੀਂ ਲੜਾਂਗਾ, ਦੇ ਦਿਓ ਫਾਂਸੀ'', ਸਰਲਾ ਭੱਟ ਕਤਲਕਾਂਡ ਮਾਮਲੇ ''ਚ ਯਾਸੀਨ ਮਲਿਕ ਦਾ ਬਿਆਨ
Thursday, Sep 03, 2026 - 10:05 AM (IST)
ਸ਼੍ਰੀਨਗਰ (ਏਜੰਸੀ) - ਕਸ਼ਮੀਰੀ ਪੰਡਿਤ ਨਰਸ ਸਰਲਾ ਭੱਟ ਦੇ ਕਤਲ ਦੇ 36 ਸਾਲ ਪੁਰਾਣੇ ਮਾਮਲੇ ’ਚ ਜੇ. ਕੇ. ਐੱਲ. ਐੱਫ. ਦੇ ਚੇਅਰਮੈਨ ਯਾਸੀਨ ਮਲਿਕ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ। ਉਸ ਨੇ ਕਿਹਾ ਕਿ ਮੈਂ ਉਕਤ ਮਾਮਲੇ ’ਚ ਕੇਸ ਨਹੀਂ ਲੜਾਂਗਾ, ਭਾਵੇਂ ਮੈਨੂੰ ਫਾਂਸੀ ਦੇ ਦਿਓ। ਸ਼੍ਰੀਨਗਰ ਦੀ ਅਦਾਲਤ ’ਚ ਦਾਖਲ ਹਲਫ਼ਨਾਮੇ ’ਚ ਮਲਿਕ ਨੇ ਕਿਹਾ ਕਿ 19 ਅਪ੍ਰੈਲ 1990 ਨੂੰ ਜਦੋਂ ਸਰਲਾ ਭੱਟ ਦਾ ਕਤਲ ਹੋਇਆ, ਉਸ ਸਮੇਂ ਉਹ ਖੁਦ ਗੰਭੀਰ ਤੌਰ ’ਤੇ ਜ਼ਖਮੀ ਸੀ ਅਤੇ ਜ਼ਿੰਦਗੀ-ਮੌਤ ਨਾਲ ਜੂਝ ਰਿਹਾ ਸੀ। ਉਸ ਦਾ ਦਾਅਵਾ ਹੈ ਕਿ ਉਹ ਸਰਲਾ ਭੱਟ ਨੂੰ ਜਾਣਦਾ ਤੱਕ ਨਹੀਂ ਸੀ ਅਤੇ ਪਹਿਲੀ ਵਾਰ ਉਸ ਦੇ ਬਾਰੇ ’ਚ ਫਰਵਰੀ 1991 ’ਚ ਸੁਣਿਆ।
ਮਲਿਕ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਜੰਮੂ-ਕਸ਼ਮੀਰ ਪ੍ਰਦੇਸ਼ ਜਾਂਚ ਏਜੰਸੀ (ਐੱਸ. ਆਈ. ਏ.) ਨੇ 29 ਜੂਨ 2026 ਨੂੰ ਸ਼੍ਰੀਨਗਰ ਦੀ ਵਿਸ਼ੇਸ਼ ਟਾਡਾ ਅਦਾਲਤ ’ਚ ਸਰਲਾ ਭੱਟ ਕਤਲਕਾਂਡ ’ਚ ਚਾਰਜਸ਼ੀਟ ਦਾਖਲ ਕੀਤੀ ਹੈ। ਚਾਰਜਸ਼ੀਟ ’ਚ ਤਤਕਾਲੀ ਜੇ. ਕੇ. ਐੱਲ. ਐੱਫ. ਚੀਫ ਕਮਾਂਡਰ ਯਾਸੀਨ ਮਲਿਕ ਅਤੇ ਖੁਰਸ਼ੀਦ ਚਾਲਕੂ ਨੂੰ ਕਥਿਤ ਮੁੱਖ ਸਾਜ਼ਿਸ਼ਕਰਤਾ ਦੱਸਿਆ ਗਿਆ ਹੈ। ਮਲਿਕ ਨੇ ਹਲਫ਼ਨਾਮੇ ’ਚ ਦਾਅਵਾ ਕੀਤਾ ਕਿ ਫਰਵਰੀ 1991 ’ਚ ਹਿਰਾਸਤ ਦੌਰਾਨ ਉਸ ਨੂੰ ਪਹਿਲੀ ਵਾਰ ਸਰਲਾ ਭੱਟ ਬਾਰੇ ਜਾਣਕਾਰੀ ਮਿਲੀ। ਉਸ ਸਮੇਂ ਉਸ ਨੂੰ ਤਿਹਾੜ ਜੇਲ ਤੋਂ ਦਿੱਲੀ ਦੇ ਮਹਿਰੌਲੀ ਸਥਿਤ ਇਕ ਫਾਰਮਹਾਊਸ ’ਚ ਰੱਖਿਆ ਗਿਆ ਸੀ। ਮਲਿਕ ਦੇ ਮੁਤਾਬਕ, ਉੱਥੇ ਇਕ ਇੰਟੈਲੀਜੈਂਸ ਬਿਊਰੋ ਅਧਿਕਾਰੀ ਨੇ ਉਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸੁਰੱਖਿਆ ਏਜੰਸੀਆਂ ਨੂੰ ਖੁਰਸ਼ੀਦ ਚਾਲਕੂ ਉੱਤੇ ਸਰਲਾ ਭੱਟ ਦੇ ਕਤਲ ’ਚ ਸ਼ਾਮਲ ਹੋਣ ਦਾ ਖਦਸ਼ਾ ਹੈ।
