ਉੱਤਰ ਭਾਰਤ ''ਚ ਲੂ ਦਾ ਕਹਿਰ, ਸਰਕਾਰ ਨੇ ਜਾਰੀ ਕੀਤੀ ਐਡਵਾਇਜ਼ਰੀ

Tuesday, Jun 04, 2019 - 10:11 AM (IST)

ਉੱਤਰ ਭਾਰਤ ''ਚ ਲੂ ਦਾ ਕਹਿਰ, ਸਰਕਾਰ ਨੇ ਜਾਰੀ ਕੀਤੀ ਐਡਵਾਇਜ਼ਰੀ

ਨਵੀਂ ਦਿੱਲੀ— ਇੰਨੀਂ ਦਿਨੀਂ ਪੂਰੇ ਉੱਤਰ ਭਾਰਤ 'ਚ ਲੂ ਅਤੇ ਗਰਮੀ ਦਾ ਕਹਿਰ ਹੈ। ਸੋਮਵਾਰ ਨੂੰ ਸਿਹਤ ਮੰਤਰਾਲੇ ਨੇ ਲੋਕਾਂ ਲਈ ਐਡਵਾਇਜ਼ਰੀ (ਸਲਾਹ) ਜਾਰੀ ਕੀਤੀ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਮੰਗਲਵਾਰ ਨੂੰ ਵੀ ਲੂ ਅਤੇ ਗਰਮ ਹਵਾਵਾਂ ਚੱਲਣਗੀਆਂ। ਮੰਤਰਾਲੇ ਵਲੋਂ ਜਾਰੀ ਐਡਵਾਇਜ਼ਰੀ 'ਚ ਕਿਹਾ ਗਿਆ ਹੈ ਕਿ ਲੋਕ ਘਰਾਂ ਦੇ ਅੰਦਰ ਹੀ ਰਹਿਣ ਅਤੇ ਬਾਹਰ ਨਿਕਲਣ ਤਾਂ ਛਾਂ ਵਾਲੀਆਂ ਥਾਂਵਾਂ 'ਤੇ ਰੁਕਣ। ਲੂ ਕਾਰਨ ਹੋਣ ਵਾਲੀਆਂ ਗੰਭੀਰ ਸਿਹਤ ਸਮੱਸਿਆਵਾਂ ਤੋਂ ਬਚਣ ਦੇ ਲਿਹਾਜ ਨਾਲ ਮੰਤਰਾਲੇ ਨੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਸਮੇਂ ਲਗਭਗ ਪੂਰੇ ਉੱਤਰ ਭਾਰਤ 'ਚ ਲੂ ਦਾ ਕਹਿਰ ਜਾਰੀ ਹੈ। ਉੱਤਰੀ ਯੂ.ਪੀ., ਪੱਛਮੀ ਰਾਜਸਥਾਨ, ਵਿਦਰਭ, ਪੱਛਮੀ ਮੱਧ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ, ਪੂਰੀ ਰਾਜਸਥਾਨ, ਪੱਛਮੀ ਯੂ.ਪੀ. ਅਤੇ ਪੂਰਬੀ ਮੱਧ ਪ੍ਰਦੇਸ਼ 'ਚ ਲੂ ਅਤੇ ਗਰਮੀ ਦਾ ਕਹਿਰ ਜਾਰੀ ਹੈ। ਮੰਤਰਾਲੇ ਵਲੋਂ ਜਾਰੀ ਐਡਵਾਇਜ਼ਰੀ 'ਚ ਲੋਕਾਂ ਨੂੰ ਕਿਹਾ ਗਿਆ ਹੈ ਕਿ ਘਰੋਂ ਬਾਹਰ ਘੱਟੋ-ਘੱਟ ਨਿਕਲਣ। ਬਾਹਰ ਨਿਕਲਣ 'ਤੇ ਛੱਤਰੀ ਅਤੇ ਸਿਰ ਢੱਕਣ ਲਈ ਹੈੱਟ ਅਤੇ ਦੂਜੀਆਂ ਚੀਜ਼ਾਂ ਦਾ ਇਸਤੇਮਾਲ ਕਰਨ। ਖੂਬ ਪਾਣੀ ਅਤੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰੋ, ਹਲਕੇ ਰੰਗ ਦੇ ਸੂਤੀ ਕੱਪੜੇ ਪਾਓ ਅਤੇ ਠੰਡੇ ਪਾਣੀ ਨਾਲ ਇਸ਼ਨਾਨ ਕਰੋ।

ਕਈ ਸ਼ਹਿਰਾਂ 'ਚ ਤਾਪਮਾਨ 45 ਡਿਗਰੀ ਤੋਂ ਵਧ
ਭਾਰਤ ਦੇ ਕਈ ਸ਼ਹਿਰਾਂ 'ਚ ਸੋਮਵਾਰ ਨੂੰ ਤਾਪਮਾਨ ਰਿਕਾਰਡ 45 ਡਿਗਰੀ ਤੋਂ ਵਧ ਦਰਜ ਕੀਤਾ ਗਿਆ। ਰਾਜਸਥਾਨ ਦੇ ਚੁਰੂ 'ਚ ਰਿਕਾਰਡ ਤਾਪਮਾਨ 48.9 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ, ਚੁਰੂ 'ਚ ਲੂ ਨੂੰ ਲੈ ਕੇ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਚੁਰੂ ਦੇ ਐਡੀਸ਼ਨਲ ਜ਼ਿਲਾ ਮੈਜਿਸਟਰੇਟ ਰਾਮਰਤਨ ਸੋਨਕਰੀਆ ਨੇ ਕਿਹਾ,''ਸਰਕਾਰੀ ਹਸਪਤਾਲਾਂ ਦੇ ਐਮਰਜੈਂਸੀ ਵਾਰਡਾਂ ਨੂੰ ਪੂਰੀ ਤਿਆਰੀ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਸਰਕਾਰੀ ਹਸਪਤਾਲਾਂ ਨੂੰ ਐਡੀਸ਼ਨਲ ਏਅਰ ਕੰਡੀਸ਼ਨ ਅਤੇ ਦਵਾਈਆਂ ਦੀ ਖੇਪ ਤਿਆਰ ਰੱਖਣ ਦਾ ਨਿਰਦੇਸ਼ ਜਾਰੀ ਕੀਤਾ ਗਿਆ ਹੈ।''


author

DIsha

Content Editor

Related News