ਲਾ ਨੀਨਾ ਕਾਰਨ ਉੱਤਰ ਭਾਰਤ ’ਚ ਪੈ ਸਕਦੀ ਹੈ ਕੜਾਕੇ ਦੀ ਠੰਡ, 3 ਡਿਗਰੀ ਤੱਕ ਡਿੱਗ ਸਕਦੈ ਪਾਰਾ
Tuesday, Oct 26, 2021 - 10:03 AM (IST)
ਨਵੀਂ ਦਿੱਲੀ- ਭਾਰਤ ਦੇ ਕੁਝ ਸੂਬਿਆਂ ’ਚ ਇਸ ਵਾਰ ਕੜਾਕੇ ਦੀ ਠੰਡ ਪੈ ਸਕਦੀ ਹੈ। ਜਨਵਰੀ ਅਤੇ ਫਰਵਰੀ ’ਚ ਦੇਸ਼ ਦੇ ਕੁਝ ਉੱਤਰੀ ਇਲਾਕਿਆਂ ’ਚ ਤਾਪਮਾਨ 3 ਡਿਗਰੀ ਸੈਲਸੀਅਸ ਤੱਕ ਹੇਠਾਂ ਜਾ ਸਕਦਾ ਹੈ। ਇਸ ਮੌਸਮ ਦੀ ਸਥਿਤੀ ਲਈ ਲਾ ਨੀਨਾ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਪ੍ਰਸ਼ਾਂਤ ਖੇਤਰ ’ਚ ਲਾ ਨੀਨਾ ਤੇਜ਼ੀ ਨਾਲ ਉੱਭਰ ਰਿਹਾ ਹੈ। ਆਮ ਤੌਰ ’ਤੇ ਇਸ ਦਾ ਅਰਥ ਹੈ ਕਿ ਉੱਤਰੀ ਗੋਲਾਰਥ ’ਚ ਤਾਪਮਾਨ ਆਮ ਤੋਂ ਘੱਟ ਰਹਿਣਾ। ਇਸ ਸਥਿਤੀ ਨੇ ਖੇਤਰੀ ਮੌਸਮ ਏਜੰਸੀਆਂ ਨੂੰ ਕੜਾਕੇ ਦੀ ਸਰਦੀ ਬਾਰੇ ਚਿਤਾਵਨੀ ਜਾਰੀ ਕਰਨ ਲਈ ਪ੍ਰੇਰਿਤ ਕੀਤਾ ਹੈ। ਬਲਿਊਮਰਗ ਦੀ ਰਿਪੋਰਟ ਅਨੁਸਾਰ, ਕਈ ਦੇਸ਼ ਖ਼ਾਸ ਚੀਨ ਫਿਊਲ ਦੀਆਂ ਉੱਚੀਆਂ ਕੀਮਤਾਂ ਅਤੇ ਬਿਜਲੀ ਦੇ ਸੰਕਟ ਨਾਲ ਜੂਝ ਰਿਹਾ ਹੈ। ਕੋਲੇ ਅਤੇ ਗੈਸ ਦੀ ਕੀਮਤ ਪਹਿਲਾਂ ਤੋਂ ਉੱਚ ਪੱਧਰ ’ਤੇ ਹੈ। ਅਜਿਹੇ ’ਚ ਕੜਾਕੇ ਦੀ ਠੰਡ ਨਾਲ ਇਨ੍ਹਾਂ ਚੀਜ਼ਾਂ ਦੀ ਮੰਗ ਹੋਰ ਵਧੇਗੀ। ਡਾਟਾ ਪ੍ਰੋਵਾਈਡਰ ਡੀ.ਟੀ.ਐੱਨ. ’ਚ ਮੌਸਮ ਗਤੀਵਿਧੀਆਂ ਦੇ ਉੱਪ ਪ੍ਰਧਾਨ ਰੇਨੀ ਵਾਂਡੇਵੇਗੇ ਨੇ ਕਿਹਾ ਕਿ ਅਸੀਂ ਉਮੀਦ ਕਰ ਰਹੇ ਹਾਂ ਕਿ ਪੂਰੇ ਉੱਤਰ-ਪੂਰਬ ਏਸ਼ੀਆ ’ਚ ਇਸ ਵਾਰ ਸਰਦੀ ’ਚ ਤਾਪਮਾਨ ਆਮ ਤੋਂ ਘੱਟ ਰਹੇਗਾ।
ਇਹ ਵੀ ਪੜ੍ਹੋ : ਕਾਨਪੁਰ ’ਚ ਜ਼ੀਕਾ ਵਾਇਰਸ ਨਾਲ ਪੀੜਤ ਮਿਲਿਆ ਪਹਿਲਾ ਰੋਗੀ, ਕੇਂਦਰ ਨੇ ਭੇਜੀ ਉੱਚ ਪੱਧਰੀ ਟੀਮ
ਇਕ ਨਿਊਜ਼ ਚੈਨਲ ਅਨੁਸਾਰ, ਭਾਰਤ ’ਚ ਜਨਵਰੀ-ਫਰਵਰੀ ’ਚ ਕੁਝ ਉੱਤਰੀ ਇਲਾਕਿਆਂ ’ਚ ਤਾਪਮਾਨ 3 ਡਿਗਰੀ ਸੈਲਸੀਅਸ ਤੱਕ ਜਾਣ ਦੀ ਸੰਭਾਵਨਾ ਹੈ। ਹੋਰ ਦੇਸ਼ਾਂ ਦੇ ਉਲਟ, ਠੰਡਾ ਮੌਸਮ ਇੱਥੇ ਆਮ ਤੌਰ ’ਤੇ ਘੱਟ ਊਰਜਾ ਖਪਤ ਦਰਸਾਉਂਦਾ ਹੈ, ਕਿਉਂਕਿ ਏਅਰ ਕੰਡੀਸ਼ਨਿੰਗ ਦੀ ਮੰਗ ਹੋ ਜਾਂਦੀ ਹੈ। ਦੱਸਣਯੋਗ ਹੈ ਕਿ ਹਾਲ ਦੇ ਮਹੀਨਿਆਂ ’ਚ ਪ੍ਰਮੁੱਖ ਕੋਲਾ ਖਨਨ ਖੇਤਰਾਂ ਨੂੰ ਹੜ੍ਹ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਦੇਸ਼ ਦੀ 70 ਫੀਸਦੀ ਬਿਜਲੀ ਦੇ ਉਤਪਾਦਨ ਲਈ ਸਪਲਾਈ ਹੋਣ ਵਾਲੇ ਕੋਲੇ ਦੀ ਸਪਲਾਈ ’ਚ ਗਿਰਾਵਟ ਆਈ। ਮੌਸਮ ਵਿਗਿਆਨ ਦੇ ਡਾਇਰੈਕਟਰ ਟਾਡ ਕ੍ਰਾਫਰਡ ਅਨੁਸਾਰ, ਲਾ ਨੀਨਾ ਦੀਆਂ ਘਟਨਾਵਾਂ ਤੋਂ ਇਲਾਵਾ ਹੋਰ ਕਾਰਕ ਵੀ ਹਨ, ਜੋ ਉੱਤਰ-ਪੂਰਬ ਏਸ਼ੀਆ ਦੇ ਸਰਦੀਆਂ ਦੇ ਮੌਸਮ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਵਿਚ ਆਈ.ਐੱਮ.ਡੀ. ਨੇ ਇਕ ਭਵਿੱਖਬਾਣੀ ’ਚ ਕਿਹਾ ਹੈ ਕਿ ਤਾਮਿਲਨਾਡੂ ਅਤੇ ਪੁਡੂਚੇਰੀ ’ਚ ਸੋਮਵਾਰ ਤੋਂ 29 ਅਕਤੂਬਰ ਤੱਕ ਵੱਖ-ਵੱਖ ਹਿੱਸਿਆਂ ’ਚ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 25 ਤੋਂ 27 ਅਕਤੂਬਰ ਤੱਕ ਕੇਰਲ ’ਚ ਵੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਕਰਨਾਟਕ ’ਚ ਸੋਮਵਾਰ ਅਤੇ ਮੰਗਲਵਾਰ ਨੂੰ ਮੀਂਹ ਪੈ ਸਕਦਾ ਹੈ, ਜਦੋਂ ਕਿ 28 ਅਤੇ 29 ਅਕਤੂਬਰ ਨੂੰ ਤੱਟਵਰਤੀ ਆਂਧਰਾ ਪ੍ਰਦੇਸ਼ ’ਚ ਮੀਂਹ ਪਵੇਗਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ