ਉੱਤਰੀ 24 ਪਰਗਣਾ 'ਚ ਧਮਾਕਾ, 3 ਦੀ ਮੌਤ

06/11/2019 7:58:11 PM

ਕੋਲਕਾਤਾ–ਪੱਛਮੀ ਬੰਗਾਲ ਦੇ ਉੱਤਰੀ 24 ਪਰਗਣਾ ਅਤੇ ਬਰਧਵਾਨ ਜ਼ਿਲਿਆਂ ਵਿਚ ਵਾਪਰੀਆਂ ਵੱਖ-ਵੱਖ ਘਟਨਾਵਾਂ ਵਿਚ ਤਿੰਨ ਹੋਰ ਵਿਅਕਤੀ ਮਾਰੇ ਗਏ। 24 ਪਰਗਣਾ ਜ਼ਿਲੇ ਵਿਚ ਸੋਮਵਾਰ ਦੇਰ ਰਾਤ ਹੋਏ ਬੰਬ ਧਮਾਕੇ ਵਿਚ 2 ਵਿਅਕਤੀ ਮਾਰੇ ਗਏ ਅਤੇ ਤਿੰਨ ਜ਼ਖ਼ਮੀ ਹੋ ਗਏ। ਪੁਲਸ ਨੇ ਮੰਗਲਵਾਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮੁਹੰਮਦ ਮੁਖਤਾਰ ਅਤੇ ਮੁਹੰਮਦ ਹਲੀਮ ਵਜੋਂ ਹੋਈ ਹੈ। ਤਿੰਨ ਵਿਅਕਤੀਆਂ ਨੂੰ ਇਨ੍ਹਾਂ ਕਤਲਾਂ ਸਬੰਧੀ ਗ੍ਰਿਫਤਾਰ ਕੀਤਾ ਗਿਆ ਹੈ। ਤ੍ਰਿਣਮੂਲ ਕਾਂਗਰਸ ਦਾ ਦਾਅਵਾ ਹੈ ਕਿ ਮ੍ਰਿਤਕ ਉਸ ਦੇ ਹਮਾਇਤੀ ਸਨ ਅਤੇ ਹਮਲਾ ਭਾਜਪਾ ਦੇ ਕਿਰਾਏ ਦੇ ਗੁੰਡਿਆਂ ਨੇ ਕੀਤਾ ਹੈ। ਭਾਜਪਾ ਨੇ ਇਸ ਤੋਂ ਇਨਕਾਰ ਕੀਤਾ ਹੈ। ਤ੍ਰਿਣਮੂਲ ਕਾਂਗਰਸ ਦੇ ਜ਼ਿਲਾ ਪ੍ਰਧਾਨ ਅਤੇ ਰਾਜ ਮੰਤਰੀ ਜੇ. ਮਲਿਕ ਨੇ ਦੋਸ਼ ਲਾਇਆ ਕਿ ਭਾਜਪਾ ਦੇ ਕਿਰਾਏ ਦੇ ਅਪਰਾਧੀਆਂ ਨੇ ਉਕਤ ਿਵਅਕਤੀਆਂ ਦੀ ਇਸ ਲਈ ਹੱਤਿਆ ਕੀਤੀ ਹੈ ਕਿਉਂਕਿ ਉਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਤ੍ਰਿਣਮੂਲ ਕਾਂਗਰਸ ਨੂੰ ਵੋਟ ਪਾਈ ਸੀ। ਭਾਜਪਾ ਦੇ ਬੈਰਕਪੁਰ ਤੋਂ ਐੱਮ. ਪੀ. ਅਰਜੁਨ ਸਿੰਘ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਪਰਿਵਾਰਕ ਵਿਵਾਦ ਦਾ ਮਾਮਲਾ ਹੈ ਅਤੇ ਇਸ ਦਾ ਸਿਆਸਤ ਨਾਲ ਕੋਈ ਸਬੰਧ ਨਹੀਂ।

ਬਰਧਵਾਨ ਜ਼ਿਲੇ ਵਿਚ ਵੀ ਸੋਮਵਾਰ ਰਾਤ ਦੇਰ ਗਏ ਤ੍ਰਿਣਮੂਲ ਕਾਂਗਰਸ ਦੇ ਇਕ ਵਰਕਰ 50 ਸਾਲਾ ਜੈਕਬ ਰਾਏ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਹੈ। ਤ੍ਰਿਣਮੂਲ ਨੇ ਇਸ ਹੱਿਤਆ ਦਾ ਦੋਸ਼ ਭਾਜਪਾ 'ਤੇ ਲਾਇਆ ਹੈ। ਭਾਜਪਾ ਨੇ ਇਸ ਕਤਲ ਪਿੱਛੇ ਆਪਣਾ ਹੱਥ ਹੋਣ ਤੋਂ ਨਾਂਹ ਕੀਤੀ ਹੈ। ਖਬਰਾਂ ਮੁਤਾਬਕ ਜੈਕਬ ਆਪਣੇ ਕੁਝ ਸਾਥੀਆਂ ਨਾਲ ਘਰ ਵਾਪਸ ਆ ਰਿਹਾ ਸੀ ਕਿ ਉਸ 'ਤੇ ਰਾਡਾਂ ਨਾਲ ਹਮਲਾ ਕਰ ਦਿੱਤਾ ਗਿਆ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਸਾਥੀ ਵੀ ਜ਼ਖ਼ਮੀ ਹੋ ਗਏ। ਭਾਜਪਾ ਦੇ 2 ਵਰਕਰਾਂ ਦੀਆਂ ਲਾਸ਼ਾਂ ਹਾਵੜਾ ਜ਼ਿਲੇ ਦੇ ਆਮਤਾ ਪਿੰਡ ਵਿਚ ਸੋਮਵਾਰ ਮਿਲੀਆਂ ਸਨ, ਜਿਸ ਪਿੱਛੋਂ ਇਲਾਕੇ ਵਿਚ ਖਿਚਾਅ ਪੈਦਾ ਹੋ ਗਿਆ ਸੀ। ਐਤਵਾਰ ਹੀ ਆਰ. ਐੱਸ. ਐੱਸ. ਦੇ ਇਕ ਵਰਕਰ ਦੀ ਲਾਸ਼ ਰੁੱਖ ਨਾਲ ਲਟਕਦੀ ਮਿਲੀ ਸੀ।


Related News