ਬੇਰੁਜ਼ਗਾਰਾਂ ਲਈ ਅਹਿਮ ਖ਼ਬਰ : ਨੋਇਡਾ ਦੇ ਕੱਪੜਾ ਉਦਯੋਗ ਨੂੰ 2 ਲੱਖ ਕਾਮਿਆਂ ਦੀ ਜ਼ਰੂਰਤ
Saturday, Jun 06, 2020 - 11:12 AM (IST)
ਨੋਇਡਾ (ਭਾਸ਼ਾ) : ਨੋਇਡਾ ਏਪੇਰਲ ਐਕਸਪੋਰਟ ਸੈਂਟਰ (ਐੱਨ.ਏ.ਈ.ਸੀ.) ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਪੱਤਰ ਲਿਖ ਕੇ ਕਾਮਿਆਂ ਦੀ ਕਮੀ ਦੀ ਸਮੱਸਿਆ 'ਤੇ ਧਿਆਨ ਦੇਣ ਨੂੰ ਕਿਹਾ ਹੈ। ਕੋਵਿਡ-19 ਮਹਾਮਾਰੀ ਕਾਰਨ ਭਾਰੀ ਗਿਣਤੀ ਵਿਚ ਪ੍ਰਵਾਸੀ ਮਜਦੂਰਾਂ ਦੇ ਆਪਣੇ ਘਰਾਂ ਨੂੰ ਵਾਪਸ ਜਾਣ ਨਾਲ ਮਜਦੂਰਾਂ ਦੀ ਕਮੀ ਹੋ ਗਈ ਹੈ, ਜਿਸ ਕਾਰਨ ਕੱਪੜਾ ਉਦਯੋਗ ਸੁਚਾਰੂ ਤਰੀਕੇ ਨਾਲ ਕੰਮਕਾਜ ਸ਼ੁਰੂ ਨਾ ਕਰ ਪਾ ਰਿਹਾ। ਐੱਨ.ਏ.ਈ.ਸੀ. ਨੇ ਕਿਹਾ ਕਿ ਸ਼ਹਿਰ ਵਿਚ ਰੈਡੀਮੇਡ ਕੱਪੜਾ ਉਦਯੋਗ ਨੂੰ ਸਾਧਾਰਨ ਸੰਚਾਲਨ ਲਈ ਕੱਪੜਾ ਸਿਲਾਈ ਕਰਨ ਵਾਲਿਆਂ ਸਮੇਤ 2 ਲੱਖ ਕਾਮਿਆਂ ਦੀ ਜ਼ਰੂਰਤ ਹੈ। ਸੈਂਟਰ ਨੇ ਵੀਰਵਾਰ ਨੂੰ ਐੱਮ.ਐੱਸ.ਐੱਮ.ਈ. (ਸੂਖਮ, ਲਘੂ ਅਤੇ ਦਰਮਿਆਨ ਉਦਮ) ਅਤੇ ਨਿਰਯਾਤ ਉਤਪਾਦਨ ਵਿਭਾਗ ਦੇ ਪ੍ਰਧਾਨ ਸਕੱਤਰ ਨਵਨੀਤ ਸਹਿਗਲ ਨੂੰ ਪੱਤਰ ਲਿਖ ਕੇ ਕਾਮਿਆਂ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਗਈ ਹੈ।
ਮਜਦੂਰ ਕੋਵਿਡ-19 ਸੰਕਟ ਕਾਰਨ ਆਪਣੇ-ਆਪਣੇ ਘਰਾਂ ਨੂੰ ਪਰਤ ਗਏ ਹਨ। ਐੱਨ.ਏ.ਈ.ਸੀ. ਦੇ ਪ੍ਰਧਾਨ ਲਲਿਤ ਠੁਕਰਾਲ ਨੇ ਕਿਹਾ, ''ਤੁਹਾਨੂੰ ਪਤਾ ਹੈ ਕਿ ਨੋਇਡਾ (ਗੌਤਮ ਬੁੱਧ ਨਗਰ) ਦੇਸ਼ ਵਿਚ ਰੈਡੀਮੇਡ ਕੱਪੜਿਆਂ ਦਾ ਕੇਂਦਰ ਹੈ। ਨੋਇਡਾ ਕੰਪਲੈਕਸ ਵਿਚ 3,000 ਟੈਕਸਟਾਈਲ-ਉਤਪਾਦਨ-ਕਮ-ਨਿਰਯਾਤ ਇਕਾਈਆਂ ਹਨ। ਇਹ ਇਕਾਈਆਂ ਕੰਮ ਕਰ ਰਹੀਆਂ ਹਨ ਅਤੇ ਫਿਲਹਾਲ ਕਰੀਬ 10 ਲੱਖ ਕਰਮਚਾਰੀ ਕੰਮ ਕਰ ਰਹੇ ਹਨ। ਉਨ੍ਹਾਂ ਲਿਖਿਆ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਇਨ੍ਹਾਂ ਇਕਾਈਆਂ ਵਿਚ ਕੰਮਕਾਜ ਅਤੇ ਉਤਪਾਦਨ ਠੱਪ ਹੋ ਗਿਆ ਸੀ ਪਰ ਹੁਣ ਸਰਕਾਰ ਦੀ ਇਜਾਜ਼ਤ ਨਾਲ ਇਨ੍ਹਾਂ ਇਕਾਈਆਂ ਵਿਚ ਕੰਮਕਾਜ ਫਿਰ ਤੋਂ ਸ਼ੁਰੂ ਹੋਇਆ ਹੈ। ਠੁਕਰਾਲ ਅਨੁਸਾਰ ਕਾਮਿਆਂ ਦੀ ਘਾਟ ਕਾਰਨ ਉੱਤਰ ਪ੍ਰਦੇਸ਼ ਸਰਕਾਰ ਦੇ ਕੰਮਕਾਜ ਸ਼ੁਰੂ ਕਰਨ ਦੀ ਇਜਾਜ਼ਤ ਦੇ ਬਾਵਜੂਦ ਅਸੀਂ ਕੰਮ ਸ਼ੁਰੂ ਕਰਨ ਦੀ ਸਥਿਤੀ ਵਿਚ ਨਹੀਂ ਹਾਂ। ਕਾਮਿਆਂ ਦੀ ਵਿਵਸਥਾ ਕਰਨ ਦੀ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ, ''ਨੋਇਡਾ ਆਰ.ਐੱਮ.ਜੀ. ਕੰਪਲੈਕਸ ਨੂੰ ਕੱਪੜੇ ਸਿਲਾਈ ਕਰਨ ਵਾਲਿਆਂ ਸਮੇਤ 2 ਲੱਖ ਕਾਮਿਆਂ ਦੀ ਜ਼ਰੂਰਤ ਹੈ। ਅਗਲੀ ਤਿਮਾਹੀ ਵਿਚ ਕੰਮ ਵਧਣ ਦੇ ਨਾਲ ਇਹ ਗਿਣਤੀ 3 ਲੱਖ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਯਮੁਨਾ ਐਕਸਪ੍ਰੈਸਵੇ ਕੋਲ ਇਕ ਵੱਡਾ ਕੱਪੜਾ ਪਾਰਕ ਬਣ ਰਿਹਾ ਹੈ ਅਤੇ ਇਸ ਵਿਚ 150 ਰੈਡੀਮੇਡ ਕੱਪੜਾ ਇਕਾਇਆਂ ਹੋਣਗੀਆਂ। ਇਨ੍ਹਾਂ ਇਕਾਈਆਂ ਨੂੰ 5 ਲੱਖ ਕਰਮਚਾਰੀਆਂ ਦੀ ਜ਼ਰੂਰਤ ਹੋਵੇਗੀ।