ਸ਼ਾਰਟ ਸਰਕਿਟ ਕਾਰਨ ਘਰ ’ਚ ਲੱਗੀ ਅੱਗ, ਦੋ ਮਾਸੂਮ ਭੈਣਾਂ ਦੀ ਹੋਈ ਦਰਦਨਾਕ ਮੌਤ
Monday, Aug 16, 2021 - 06:12 PM (IST)
ਨੋਇਡਾ— ਨੋਇਡਾ ਦੇ ਥਾਣਾ ਫੇਸ-3 ਖੇਤਰ ਦੇ ਗੜ੍ਹੀ ਚੌਖੰਡੀ ਪਿੰਡ ਵਿਚ ਬਣੀ ਇਕ ਘਰ ’ਚ ਅੱਜ ਤੜਕੇ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਗਈ। ਇਸ ਘਟਨਾ ਵਿਚ ਦੋ ਬੱਚੀਆਂ ਦੀ ਮੌਤ ਹੋ ਗਈ, ਜਦਕਿ ਘਰ ਵਿਚ ਮੌਜੂਦ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਵਧੀਕ ਪੁਲਸ ਡਿਪਟੀ ਕਮਿਸ਼ਨਰ ਅੰਕੁਰ ਅਗਰਵਾਲ ਨੇ ਮੌਕੇ ’ਤੇ ਪਹੁੰਚ ਕੇ ਫਾਇਰ ਵਿਭਾਗ ਅਤੇ ਥਾਣਾ ਫੇਸ-3 ਪੁਲਸ ਨੇ ਲੋਕਾਂ ਨੂੰ ਰੈਸਕਿਊ ਕਰ ਕੇ ਬਾਹਰ ਕੱਢਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਅਗਰਵਾਲ ਨੇ ਦੱਸਿਆ ਕਿ ਥਾਣਾ ਫੇਸ-3 ਖੇਤਰ ਗੜ੍ਹੀ ਚੌਖੰਡੀ ਪਿੰਡ ਅਧੀਨ ‘ਅਜਨਾਰਾ ਹੋਮ ਸੁਸਾਇਟੀ’ ਦੇ ਪਿੱਛੇ ਇਕ ਪ੍ਰਾਈਵੇਟ ਬਿਲਡਰ ਵਲੋਂ ਪਿੰਡ ਦੀ ਜ਼ਮੀਨ ’ਤੇ ਬਣਾਈ ਗਈ 5 ਮੰਜ਼ਿਲਾ ਸੁਸਾਇਟੀ ’ਚ ਰਹਿਣ ਵਾਲੇ ਦਿਨੇਸ਼ ਸੋਲੰਕੀ ਪੁੱਤਰ ਨਰਸਿੰਘ ਸੋਲੰਕੀ ਦੇ ਮਕਾਨ ’ਚ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਗਈ। ਅੱਗ ਵਿਚ ਦਿਨੇਸ਼ ਸੋਲੰਕੀ ਦੀਆਂ ਦੋ ਧੀਆਂ ਕ੍ਰਤਿਕਾ (9) ਅਤੇ ਰੁਦਾਕਸ਼ੀ (12), ਦਿਨੇਸ਼ ਸੋਲੰਕੀ, ਉਨ੍ਹਾਂ ਦੀ ਪਤਨੀ ਮਮਤਾ ਅਤੇ 4 ਸਾਲਾ ਬੇਟਾ ਸ਼ਿਵਾਯ ਗੰਭੀਰ ਰੂਪ ਨਾਲ ਝੁਲਸ ਗਏ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਪਹੁੰਚੀ ਫਾਇਰ ਬਿ੍ਰਗੇਡ ਦੀਆਂ 4 ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ।
ਘਰ ਵਿਚ ਫਸੇ ਲੋਕਾਂ ਨੂੰ ਕੱਢ ਕੇ ਨੋਇਡਾ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਹਾਂ ਮਾਸੂਮ ਬੱਚੀਆਂ ਨੂੰ ਮਿ੍ਰਤਕ ਐਲਾਨ ਕਰ ਦਿੱਤਾ। ਦਿਨੇਸ਼ ਸੋਲੰਕੀ, ਉਨ੍ਹਾਂ ਦੀ ਪਤਨੀ ਅਤੇ ਪੁੱਤਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਅੱਗ ਵਿਚ ਫਲੈਟ ’ਚ ਰੱਖਿਆ ਸਾਰਾ ਸਮਾਨ ਸੜ ਗਿਆ।