ਨੋਬਲ ਪੁਰਸਕਾਰ ਜੇਤੂ ਵਿਗਿਆਨੀ ਦਾ ਦਾਅਵਾ, ਛੇਤੀ ਖਤਮ ਹੋਵੇਗਾ ਕੋਰੋਨਾ ਦਾ ਕਹਿਰ

03/26/2020 7:47:41 PM

ਨਵੀਂ ਦਿੱਲੀ – ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੂਰੀ ਦੁਨੀਆ ’ਚ ਜੱਦੋ-ਜਹਿਦ ਜਾਰੀ ਹੈ। ਭਾਰਤ ਸਮੇਤ ਕਈ ਦੇਸ਼ਾਂ ਨੇ ਸਾਵਧਾਨੀ ਵਜੋਂ ਕਈ ਕਦਮ ਚੁੱਕੇ ਹਨ। ਇਸ ਕਾਰਣ ਦੁਨੀਆ ਦੀ ਲਗਭਗ ਇਕ ਤਿਹਾਈ ਆਬਾਦੀ ਘਰਾਂ ’ਚ ਕੈਦ ਹੈ। ਇਸ ਦਰਮਿਆਨ ਕੋਰੋਨਾ ਵਾਇਰਸ ਨੂੰ ਲੈ ਕੇ ਨੋਬਲ ਪੁਰਸਕਾਰ ਜੇਤੂ ਮਾਈਕਲ ਲੇਵਿਟ ਨੇ ਇਕ ਅਜਿਹੀ ਭਵਿੱਖਬਾਣੀ ਕੀਤੀ ਹੈ, ਜੋ ਚਿੰਤਤ ਲੋਕਾਂ ਨੂੰ ਕੁਝ ਰਾਹਤ ਦੇ ਸਕਦੀ ਹੈ। ਸਟੈਨਫੋਰਡ ਯੂਨੀਵਰਸਿਟੀ ਦੇ ਬਾਇਓਫਿਜ਼ੀਸਿਸਟ ਅਤੇ ਨੋਬਲ ਪੁਰਸਕਾਰ ਜੇਤੂ ਮਾਈਕਲ ਲੇਵਿਟ ਨੇ ਆਪਣੀ ਭਵਿੱਖਬਾਣੀ ’ਚ ਕਿਹਾ ਹੈ ਕਿ ਸੋਸ਼ਲ ਡਿਸਟੈਂਸਿੰਗ ਨੇ ਦੁਨੀਆ ਨੂੰ ਇਕ ਬੂਸਟਰ ਦਿੱਤਾ ਹੈ ਜੋ ਇਸ ਸਮੇਂ ਮਹਾਮਾਰੀ ਨਾਲ ਲੜਨ ਲਈ ਜ਼ਰੂਰੀ ਹੈ। ਇਸ ਲਈ ਕੋਵਿਡ-19 ਦਾ ਕਹਿਰ ਛੇਤੀ ਖਤਮ ਹੋ ਜਾਵੇਗਾ।

ਰਸਾਇਣ ਵਿਗਿਆਨ ’ਚ 2013 ਦਾ ਨੋਬਲ ਪੁਰਸਕਾਰ ਜਿੱਤਣ ਵਾਲੇ ਲੇਵਿਟ ਨੇ ਇਸ ਤੋਂ ਪਹਿਲਾਂ ਚੀਨ ’ਚ ਮਹਾਮਾਰੀ ਬਾਰੇ ਭਵਿੱਖਬਾਣੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਚੀਨ ’ਚ ਇਹ ਮਹਾਮਾਰੀ ਵਿਨਾਸ਼ਕਾਰੀ ਪ੍ਰਕੋਪ ਨੂੰ ਲੈ ਕੇ ਆਵੇਗੀ। ਮਾਈਕਲ ਨੇ ਕਈ ਹੋਰ ਮਾਹਿਰਾਂ ਤੋਂ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ। ਮਾਈਕਲ ਲੇਵਿਟ ਓਹੀ ਹਨ, ਜਿਨ੍ਹਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਚੀਨ ’ਚ ਸਵਾ ਤਿੰਨ ਹਜ਼ਾਰ ਲੋਕ ਮਰਨਗੇ।

ਮਾਈਕਲ ਲੇਵਿਟ ਨੇ ‘ਦਿ ਲਾਸ ਏਂਜਲਸ ਟਾਈਮਸ’ ਨੂੰ ਦਿੱਤੇ ਇਕ ਇੰਟਰਵਿਊ ’ਚ ਕਿਹਾ ਕਿ ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਰੋਕਣ ਲਈ ਜੋ ਕਰਨਾ ਚਾਹੀਦਾ ਹੈ, ਉਹ ਅਸੀਂ ਕਰ ਰਹੇ ਹਾਂ। ਹੁਣ ਸਭ ਠੀਕ ਹੋਣ ਜਾ ਰਿਹਾ ਹੈ। ਲੇਵਿਟ ਨੇ ਅੱਗੇ ਦੱਸਿਆ ਕਿ ਹਾਲਾਤ ਓਨੇ ਭਿਆਨਕ ਨਹੀਂ ਹਨ, ਜਿੰਨਾ ਕਿ ਚਿਤਾਵਨੀ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਭਾਵੇਂ ਕੋਰੋਨਾ ਦੇ ਵਧਦੇ ਮਾਮਲਿਆਂ ਦੀ ਗਿਣਤੀ ਪ੍ਰੇਸ਼ਾਨ ਕਰਨ ਵਾਲੀ ਹੈ ਪਰ ਹੌਲੀ ਰਫਤਾਰ ਦੇ ਵਾਧੇ ਦੇ ਸਪੱਸ਼ਟ ਸੰਕੇਤ ਮਿਲ ਰਹੇ ਹਨ। ਕੋਰੋਨਾ ਵਾਇਰਸ ਨਾਲ ਦੁਨੀਆ ਭਰ ’ਚ ਇਸ ਵਾਇਰਸ ਨਾਲ ਹੁਣ ਤੱਕ ਸਾਢੇ ਚਾਰ ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਲਗਭਗ 17 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।


Inder Prajapati

Content Editor

Related News