ਬਾਲਾਸੋਰ 'ਚ ਜਿੱਥੇ ਹੋਇਆ ਸੀ ਭਿਆਨਕ ਰੇਲ ਹਾਦਸਾ, ਹੁਣ ਉੱਥੇ ਨਹੀਂ ਰੁਕੇਗੀ ਕੋਈ ਵੀ ਰੇਲ, ਇਹ ਹੈ ਵਜ੍ਹਾ
Sunday, Jun 11, 2023 - 10:22 AM (IST)
ਭੁਵਨੇਸ਼ਵਰ, (ਭਾਸ਼ਾ)- ਓਡਿਸ਼ਾ ਦੇ ਬਾਲਾਸੋਰ ਜ਼ਿਲੇ ਦੇ ਬਾਹਨਗਾ ਬਾਜ਼ਾਰ ਸਟੇਸ਼ਨ ’ਤੇ ਅਗਲੇ ਹੁਕਮਾਂ ਤੱਕ ਕੋਈ ਵੀ ਰੇਲਗੱਡੀ ਨਹੀਂ ਰੁਕੇਗੀ ਕਿਉਂਕਿ ਰੇਲ ਹਾਦਸੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ‘ਲਾਗ ਬੁੱਕ’ ਤੇ ਸਾਮਾਨ ਨੂੰ ਜ਼ਬਤ ਕਰਨ ਤੋਂ ਬਾਅਦ ਸਟੇਸ਼ਨ ਨੂੰ ਵੀ ਸੀਲ ਕਰ ਦਿੱਤਾ ਹੈ।
‘ਅੱਪ’ ਅਤੇ ‘ਡਾਊਨ’ ਦੋਵਾਂ ਲਾਈਨਾਂ ’ਤੇ ਆਵਾਜਾਈ ਮੁੜ ਸ਼ੁਰੂ ਹੋਣ ਤੋਂ ਬਾਅਦ ਘੱਟੋ-ਘੱਟ ਸੱਤ ਟਰੇਨਾਂ ਬਾਹਨਗਾ ਬਾਜ਼ਾਰ ਸਟੇਸ਼ਨ ’ਤੇ ਰੁਕ ਰਹੀਆਂ ਸਨ। ਜ਼ਿਕਰਯੋਗ ਹੈ ਕਿ ਇੱਥੇ 2 ਜੂਨ ਨੂੰ ਹੋਏ ਰੇਲ ਹਾਦਸੇ ’ਚ 288 ਲੋਕਾਂ ਦੀ ਮੌਤ ਹੋ ਗਈ ਸੀ ਅਤੇ 1208 ਜ਼ਖਮੀ ਹੋ ਗਏ ਸਨ।
ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸੇ ਮਗਰੋਂ ਸਕੂਲ 'ਚ ਰੱਖੀਆਂ ਲਾਸ਼ਾਂ ਤੋਂ ਡਰੇ ਵਿਦਿਆਰਥੀ, ਸਰਕਾਰ ਨੂੰ ਚੁੱਕਣਾ ਪਿਆ ਇਹ ਕਦਮ
ਦੱਖਣ ਪੂਰਬੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਆਦਿਤਿਆ ਕੁਮਾਰ ਚੌਧਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੀ.ਬੀ.ਆਈ. ਨੇ ‘ਲਾਗ ਬੁੱਕ’, 'ਰਿਲੇ ਪੈਨਲ' ਅਤੇ ਹੋਰ ਉਪਕਰਣ ਜ਼ਬਤ ਕਰਨ ਤੋਂ ਬਾਅਦ ਸਟੇਸ਼ਨ ਨੂੰ ਸੀਲ ਕਰ ਦਿੱਤਾ ਹੈ। ਚੌਧਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਰਿਲੇ ਇੰਟਰਲਾਕਿੰਗ ਪੈਨਲ ਨੂੰ ਸੀਲ ਕਰ ਦਿੱਤਾ ਗਿਆ ਹੈ, ਜਿਸ ਨਾਲ ਸਿਗਨਲ ਪ੍ਰਣਾਲੀ ਤਕ ਸਟਾਫ ਦੀ ਪਹੁੰਚ ਨੂੰ ਸੀਮਤ ਕਰ ਦਿੱਤਾ ਗਿਆ ਹੈ। ਕੋਈ ਵੀ ਪੈਸੇਂਜਰ ਰੇਲ ਗੱਡੀ ਜਾਂ ਮਾਲ ਗੱਡੀ ਅਗਲੇ ਹੁਕਮਾਂ ਤਕ ਬਾਹਨਗਾ ਬਾਜ਼ਾਰ ਸਟੇਸ਼ਨ 'ਤੇ ਨਹੀਂ ਰੁਕੇਗੀ।
ਹਾਲਾਂਕਿ ਲਗਭਗ 170 ਰੇਲ ਗੱਡੀਆਂ ਰੋਜ਼ਾਨਾ ਬਾਹਨਗਾ ਬਾਜ਼ਾਰ ਰੇਲਵੇ ਸਟੇਸ਼ਨ ਤੋਂ ਗੁਜ਼ਰਦੀਆਂ ਹਨ ਪਰ ਸਿਰਫ ਭਦਰਕ-ਬਾਲਾਸੋਰ ਮੇਮੂ, ਹਾਵੜਾ ਭਦਰਕ ਬਾਗਜਤਿਨ ਫਾਸਟ ਪੈਸੇਂਜਰ, ਖੜਗਪੁਰ ਖੁਰਦਾ ਰੋਡ ਫਾਸਟ ਪੈਸੇਂਜਰ ਵਰਗੀਆਂ ਰੇਲਾਂ ਇਕ ਮਿੰਟ ਲਈ ਸਟੇਸ਼ਨ 'ਤੇਰੁਕਦੀਆਂ ਹਨ। ਚੌਧਰੀ ਨੇ ਦੱਸਿਆ ਕਿ 1,208 ਜ਼ਖ਼ਮੀਆਂ 'ਚੋਂ 709 ਨੂੰ ਰੇਲਵੇ ਵੱਲੋਂ ਐਕਸ-ਗ੍ਰੇਸ਼ੀਆ ਰਾਸ਼ੀ ਮੁਹੱਈਆ ਕਰਵਾਈ ਗਈ ਹੈ।
ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ : ਰੇਲਵੇ ਨੇ ਕਿਹਾ, ਡੱਬੇ ’ਚੋਂ ਲਾਸ਼ਾਂ ਦੀ ਨਹੀਂ, ਸੜੇ ਆਂਡਿਆਂ ਦੀ ਬਦਬੂ ਆ ਰਹੀ